ਨਵੀਂ ਦਿੱਲੀ: ਕ੍ਰਿਕੇਟਰ ਵੀਰੇਂਦਰ ਸਹਿਵਾਗ ਦੀ ਪਤਨੀ ਆਰਤੀ ਸਹਿਵਾਗ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਆਰਤੀ ਨੇ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਆਰਤੀ ਸਹਿਵਾਗ ਦੇ ਇਲਜ਼ਾਮ ਮੁਤਾਬਕ ਉਸ ਦੇ ਨਾਂ ਤੇ ਹਸਤਾਖ਼ਰ ਦਾ ਗ਼ਲਤ ਇਸਤੇਮਾਲ ਕਰਕੇ ਸਾਢੇ ਚਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ।
ਆਰਤੀ ਦੇ ਇਲਜ਼ਾਮ ਮੁਤਾਬਕ ਉਨ੍ਹਾਂ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਰੋਹਿਤ ਕੱਕੜ ਨਾਂ ਦੇ ਸ਼ਖ਼ਸ ਨਾਲ ਭਾਈਵਾਲੀ ਕੀਤੀ ਸੀ। ਇਸ ਦੇ ਬਾਅਦ ਰੋਹਿਤ ਕੱਕੜ ਤੇ ਉਸ ਦੇ ਕੁਝ ਸਾਥੀਆਂ ਨੇ ਆਰਤੀ ਦੀ ਜਾਣਕਾਰੀ ਬਗੈਰ ਇੱਕ ਦੂਜੀ ਬਿਲਡਰ ਫਰਮ ਨਾਲ ਸੰਪਰਕ ਕੀਤਾ। ਇਨ੍ਹਾਂ ਲੋਕਾਂ ਨੇ ਉਸ ਫਰਮ ਨੂੰ ਦੱਸਿਆ ਕਿ ਆਰਤੀ ਤੇ ਵੀਰੇਂਦਰ ਸਹਿਵਾਗ ਉਨ੍ਹਾਂ ਨਾਲ ਜੁੜੇ ਹਨ।
ਇਲਜ਼ਾਮਾਂ ਮੁਤਾਬਕ ਨਾਂ ਤੇ ਹਸਤਾਖ਼ਰਾਂ ਦਾ ਗਲਤ ਇਸਤੇਮਾਲ ਉਸ ਫਰਮ ਤੋਂ ਸਾਢੇ ਚਾਰ ਕਰੋੜ ਦਾ ਕਰਜ਼ਾ ਲੈ ਲਿਆ ਗਿਆ। ਆਰਤੀ ਸਹਿਵਾਗ ਦਾ ਕਹਿਣਾ ਹੈ ਕਿ ਜਦੋਂ ਉਹ ਰੋਹਿਤ ਕੱਕੜ ਦੀ ਫਰਮ ਦੀ ਭਾਈਵਾਲ ਬਣੀ ਸੀ ਤਾਂ ਉਸ ਨੇ ਤੈਅ ਕੀਤਾ ਸੀ ਕਿ ਬਿਨਾ ਉਸ ਦੀ ਮਰਜ਼ੀ ਕੋਈ ਕੰਮ ਨਹੀਂ ਹੋਏਗਾ। ਫਿਲਹਾਲ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ।