ਚੰਡੀਗੜ੍ਹ: ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਨਿਊ ਇੰਡੀਆ ਲਈ ਨੀਤੀ ਕਮਿਸ਼ਨ ਦੀ ਰਣਨੀਤੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਇਤਿਹਾਸ ਵਿੱਚ ਮਹੱਤਵਪੂਰਨ ਯੁਗ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਅਸੀਂ ਗੁਆਚੇ ਅਵਸਰਾਂ ਲਈ ਤਿਆਰ ਹੋ ਸਕਦੇ ਹਾਂ। ਹਾਲਾਂਕਿ ਉਨ੍ਹਾਂ ਸਵੀਕਾਰਿਆ ਕਿ 1991 ਤੋਂ ਆਰਥਿਕ ਸੁਧਾਰਾਂ ਨੇ ਦੇਸ਼ ਨੂੰ ਲਾਹਾ ਪਹੁੰਚਾਇਆ ਹੈ।
ਗੌਰਤਲਬ ਹੈ ਕਿ ਸਾਲ 2022 ਵਿੱਚ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ ਤੇ ਉਦੋਂ ਤਕ ਸਰਕਾਰ ਦਾ ਉਦੇਸ਼ ਭਾਰਤ ਨੂੰ 4 ਟ੍ਰਿਲੀਅਨ ਦੀ ਅਰਥ ਵਿਵਸਥਾ ਬਣਾਉਣਾ ਹੈ। ‘ਨਿਊ ਇੰਡੀਆ 75 ਰਣਨੀਤੀ’ ਤਹਿਤ 41 ਖੇਤਰਾਂ ਦੀ ਪਛਾਣ ਕੀਤੀ ਗਈ ਹੈ।
ਨੀਤੀ ਕਮਿਸ਼ਨ ਦੇ ਰਣਨੀਤੀ ਪੱਤਰ ਮੁਤਾਬਕ ਸਰਕਾਰ ਦਾ ਲਕਸ਼ ਟੈਕਸ ਤੋਂ ਜੀਡੀਪੀ ਅਨੁਪਾਤ ਵਿੱਚ 22 ਫੀਸਦੀ ਤੇ ਆਰਥਕ ਵਿਕਾਸ ਦਰ ਵਿੱਚ 8 ਫੀਸਦੀ ਵਾਧਾ ਕਰਨਾ ਹੈ। ਪੀਐਮ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰ ਸਰਕਾਰ ਦਾ ਉਦੇਸ਼ ਭਾਰਤੀ ਰੇਲਵੇ ਲਈ ਸੁਤੰਤਰ ਰੈਗੁਲੇਟਰੀ ਸਥਾਪਿਤ ਕਰਨਾ ਵੀ ਹੈ।
ਇਸ ਰਣਨੀਤੀ ਦਸਤਾਵੇਜ਼ ਵਿੱਚ ਸਭ ਤੋਂ ਵੱਧ ਧਿਆਨ ਨੀਤੀਗਤ ਮਾਹੌਲ ਵਿੱਚ ਸੁਧਾਰ ’ਤੇ ਦਿੱਤਾ ਗਿਆ ਹੈ। ਇਸ ਵਿੱਚ ਨਿੱਜੀ ਨਿਵੇਸ਼ਕ ਤੇ ਹਿਤਧਾਰਕ ਨਿਊ ਇੰਡੀਆ 2022 ਲਈ ਨਿਰਧਾਰਿਤ ਉਦੇਸ਼ਾਂ ਨੂੰ ਹਾਸਲ ਕਰਨ ਲਈ ਆਪਣਾ ਯੋਗਦਾਨ ਦੇ ਸਕਦੇ ਹਨ।