ਕੱਛ: ਗੁਜਰਾਤ ਦੀ ਕੱਛ ਯੂਨੀਵਰਸਿਟੀ 'ਚ ਬੀਜੇਪੀ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਏਬੀਵੀਪੀ ਦੇ ਕਾਰਕੁਨਾਂ ਨੇ ਵਿਦਿਆਰਥੀ ਚੋਣਾਂ ਦੌਰਾਨ ਧੋਖਾਧੜੀ ਦਾ ਇਲਜ਼ਾਮ ਲਾਉਂਦਿਆਂ ਪ੍ਰੋਫੈਸਰ ਦੇ ਮੂੰਹ 'ਤੇ ਕਾਲਖ ਮਲ ਦਿੱਤੀ ਤੇ ਪ੍ਰੋਫੈਸਰ ਦਾ ਜਲੂਸ ਵੀ ਕੱਢਿਆ।

ਦਰਅਸਲ ਅਗਲੇ ਮਹੀਨੇ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ ਹੋਣ ਜਾ ਰਹੀਆਂ ਹਨ। ਏਬੀਵੀਪੀ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿੱਚੋਂ ਕਈ ਵਿਦਿਆਰਥੀਆਂ ਦੇ ਨਾਂ ਕੱਟ ਦਿੱਤੇ ਗਏ ਹਨ। ਇਸ ਤੋਂ ਬਾਅਦ ਏਬੀਵੀਪੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚ ਜੰਮ ਕੇ ਹੰਗਾਮਾ ਕੀਤਾ।

ਹੰਗਾਮੇ ਮਗਰੋਂ ਯੂਨੀਵਰਸਿਟੀ ਦੇ ਚੋਣ ਅਧਿਕਾਰੀ ਗੀਰੀਨ ਬਖਸ਼ੀ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਏਬੀਵੀਪੀ ਵਿਦਿਆਰਥੀਆਂ ਨੇ ਪ੍ਰੋਫੈਸਰ ਬਖਸ਼ੀ ਦੇ ਚਿਹਰੇ 'ਤੇ ਕਾਲਖ ਮਲ ਦਿੱਤੀ। ਇਸ ਕਾਲਖ ਨਾਲ ਪ੍ਰੋਫੈਸਰ ਦੇ ਚਿਹਰੇ 'ਤੇ ਸਾੜ ਪੈਣ ਲੱਗ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਉੱਧਰ ਯੂਨੀਵਰਸਿਟੀ ਦੇ ਕੁਲਪਤੀ ਸੀਬੀ ਜਾਡੇਜਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਹਰਕਤ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਕਾਰਜਕਾਰੀ ਪ੍ਰੀਸ਼ਦ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਵਿਦਿਆਰਥੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਕ ਇਸ ਘਟਨਾ 'ਚ ਏਬੀਵੀਪੀ ਦੇ 15-20 ਵਿਦਿਆਰਥੀ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ।