ਨਵੀਂ ਦਿੱਲੀ: ਦਿੱਲੀ ਪੁਲਿਸ ਵੱਲੋਂ ਸਾਜ਼ਿਦ ਅਲੀ ਅੰਸਾਰੀ ਨਾਂ ਦੇ ਸ਼ਖਸ ਨੂੰ ਆਪਣੀ ਹੀ ਪਤਨੀ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸਾਜ਼ਿਦ ਦੇ ਨਾਲ ਉਸ ਦੇ ਦੋ ਭਰਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਾਜ਼ਿਦ 'ਤੇ ਇਲਜ਼ਾਮ ਹਨ ਕਿ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਆਪਣੇ ਭਰਾਵਾਂ ਨਾਲ ਮਿਲ ਕੇ ਪਹਿਲਾਂ ਲਾਸ਼ ਦੇ ਟੁਕੜੇ ਕੀਤੇ ਤੇ ਫਿਰ ਇਨ੍ਹਾਂ ਟੁਕੜਿਆਂ ਨੂੰ ਪਾਰਸਲ ਬਾਕਸ 'ਚ ਪਾ ਕੇ ਟਿਕਾਣੇ ਲਾ ਦਿੱਤਾ।


ਹਾਸਲ ਜਾਣਕਾਰੀ ਮੁਤਾਬਕ 21 ਜੂਨ ਨੂੰ ਦਿੱਲੀ ਪੁਲਿਸ ਨੂੰ ਦਿੱਲੀ ਦੇ ਸਰਿਤਾ ਵਿਹਾਰ ਇਲਾਕੇ 'ਚ ਪਾਰਸਲ ਬਾਕਸ ਵਿੱਚੋਂ ਲਾਸ਼ ਬਰਾਮਦ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪਲਿਸ ਨੂੰ ਲਾਸ਼ ਦੀ ਪਛਾਣ ਦੌਰਾਨ ਅਜਿਹਾ ਸੁਰਾਖ ਮਿਲਿਆ ਜਿਸ ਨਾਲ ਮੁਲਜ਼ਮ ਤੱਕ ਪਹੁੰਚਣਾ ਆਸਾਨ ਹੋ ਸਕਿਆ।


ਦਰਅਸਲ ਜਿਸ ਪਾਰਸਲ ਬਾਕਸ 'ਚ ਮਹਿਲਾ ਦੀ ਲਾਸ਼ ਟੁਕੜਿਆਂ 'ਚ ਬਰਾਮਦ ਹੋਈ ਸੀ, ਉਸ ਪਾਰਸਲ ਬਾਕਸ 'ਤੇ ਕੰਪਨੀ ਦਾ ਨਾਂ ਲਿਖਿਆ ਹੋਇਆ ਸੀ। ਇਹ ਕੰਪਨੀ ਗੁਰੂਗ੍ਰਾਮ ਦੀ ਮੂਵਰਜ਼ ਐਂਡ ਪੈਕਰਜ਼ ਦੀ ਕੰਪਨੀ ਸੀ। ਪੁਲਿਸ ਦੀ ਟੀਮ ਉਸ ਕੰਪਨੀ ਦੇ ਪਤੇ 'ਤੇ ਪਹੁੰਚੀ।


ਕੰਪਨੀ ਦੇ ਕਰਮਚਾਰੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਪਾਰਸਲ ਕੰਪਨੀ ਦੇ ਕਲਾਈਂਟ ਜਾਵੇਦ ਅਖਤਰ ਨੇ UAE ਤੋਂ ਬੁੱਕ ਕਰਵਾਇਆ ਸੀ। ਪੁਲਿਸ ਦੀ ਟੀਮ ਜਾਵੇਦ ਅਖਤਰ ਦੇ ਘਰ ਪਹੁੰਚੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਅਜਿਹੇ ਕਈ ਪਾਰਸਲ ਮੰਗਵਾਏ ਸਨ। ਉਸ ਨੇ ਦੱਸਿਆ ਕਿ ਕੁਝ ਬਾਕਸ ਉਸ ਨੇ ਆਪਣੀ ਨੌਕਰਾਣੀ ਨੂੰ ਦਿੱਤੇ ਜਦ ਕਿ ਕੁਝ ਆਪਣੇ ਦੂਜੇ ਮਕਾਨ 'ਚ ਰੱਖੇ ਜੋ ਕਿਰਾਏ 'ਤੇ ਦਿੱਤਾ ਹੋਇਆ ਸੀ।


ਪੁਲਿਸ ਦੀ ਟੀਮ ਜਾਵੇਦ ਦੇ ਮਕਾਨ 'ਚ ਪਹੁੰਚੀ ਤਾਂ ਉਥੇ ਤਾਲਾ ਲੱਗਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਦਾ ਸ਼ੱਕ ਸਾਜ਼ਿਦ ਅਲੀ 'ਤੇ ਹੋਰ ਪੱਕਾ ਹੋ ਗਿਆ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਸਾਜ਼ਿਦ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਉਹ ਕਹਿ ਰਿਹਾ ਸੀ ਕਿ ਉਹ ਘਰ ਖਾਲੀ ਕਰਕੇ ਜਾ ਰਹੇ ਹਨ।


ਪੁਲਿਸ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਆਖਰ ਸਾਜ਼ਿਦ ਪੁਲਿਸ ਦੇ ਅੜਿੱਕੇ ਆ ਗਿਆ ਤੇ ਉਸ ਨੇ ਆਪਣਾ ਦੋਸ਼ ਕਬੂਲ ਕਰਦਿਆਂ ਹੱਤਿਆ ਦੀ ਸਾਰੀ ਕਹਾਣੀ ਬਿਆਨ ਕਰ ਦਿੱਤੀ। ਸਾਜ਼ਿਦ ਨੇ ਦੱਸਿਆ ਕਿ ਇਕ ਤਾਂ ਉਸ ਦਾ ਕਿਸੇ ਦੂਜੀ ਲੜਕੀ ਨਾਲ ਸਬੰਧ ਸੀ। ਦੂਜਾ ਬੇਰੁਜ਼ਗਾਰੀ ਕਰਕੇ ਅਕਸਰ ਹੀ ਉਸ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਜਿਸ ਦੇ ਚੱਲਦਿਆਂ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।


ਦੱਸ ਦਈਏ ਕਿ ਸਾਜ਼ਿਦ ਦੀ ਸਾਲ 2011 'ਚ ਆਪਣੀ ਪਤਨੀ ਨਾਲ ਪੜ੍ਹਾਈ ਦੌਰਾਨ ਮੁਲਾਕਾਤ ਹੋਈ ਸੀ। ਬਾਅਦ 'ਚ ਦੋਵਾਂ ਨੇ ਵਿਆਹ ਕਰ ਲਿਆ ਸੀ।