ਮਾਲਿਆ ਮੋੜਨਾ ਚਾਹੁੰਦਾ ਸੀ ਪੈਸੇ, ਮੋਦੀ ਨੇ ਨਹੀਂ ਦਿੱਤਾ ਕੋਈ ਜਵਾਬ !
ਏਬੀਪੀ ਸਾਂਝਾ | 26 Jun 2018 04:46 PM (IST)
ਨਵੀਂ ਦਿੱਲੀ: ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰਜ਼ਾ ਵਾਪਸ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਸੀ। ਇਸ ਸਬੰਧੀ ਉਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਵੀ ਲਿਖੀ ਪਰ ਉਸ ਦਾ ਕੋਈ ਜਵਾਬ ਨਹੀਂ ਆਇਆ। ਮਾਲਿਆ ਨੇ ਦਾਅਵਾ ਕੀਤਾ ਕਿ ਉਸ ਨੇ ਸਰਕਾਰ ਦੇ ਨਾਲ ਨਾਲ ਬੈਂਕਾਂ ਨੂੰ ਵੀ ਚਿੱਠੀ ਲਿਖੀ ਸੀ। ਵਿਜੇ ਮਾਲਿਆ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ 15 ਅਪ੍ਰੈਲ, 2016 ਨੂੰ ਚਿੱਠੀ ਲਿਖੀ ਸੀ ਤੇ ਹੁਣ ਚੀਜ਼ਾਂ ਨੂੰ ਸਹੀ ਪ੍ਰਸੰਗ ਵਿੱਚ ਪੇਸ਼ ਕਰਨ ਲਈ ਇਨ੍ਹਾਂ ਚਿੱਠੀਆਂ ਨੂੰ ਜਨਤਕ ਕਰ ਰਿਹਾ ਹਾਂ। ਪਰ ਹਾਲੇ ਤਕ ਕਿਸੇ ਚਿੱਠੀ ਦਾ ਜਵਾਬ ਨਹੀਂ ਮਿਲਿਆ।" https://twitter.com/TheVijayMallya/status/1011556611427577856 ਮਾਲਿਆ ਨੇ ਅੱਗੇ ਕਿਹਾ ਕਿ ਸਿਆਸਤਦਾਨਾਂ ਤੇ ਮੀਡੀਆ ਨੇ ਉਸ 'ਤੇ ਇਵੇਂ ਇਲਜ਼ਾਮ ਲਾਏ, ਜਿਵੇਂ ਉਹ 9000 ਕਰੋੜ ਰੁਪਏ ਚੋਰੀ ਕਰ ਕੇ ਭੱਜ ਗਿਆ ਹੋਵੇ। ਕੁਝ ਕਰਜ਼ ਦੇਣ ਵਾਲੇ ਬੈਂਕਾਂ ਨੇ ਵੀ ਉਸ ਨੂੰ ਜਾਣਬੁੱਝ ਕੇ ਕਰਜ਼ ਨਾ ਚੁਕਾਉਣ ਵਾਲਾ ਕਰਾਰ ਦੇ ਦਿੱਤਾ। ਵਿਜੇ ਮਾਲਿਆ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਦੀ ਤੇ ਉਸ ਦੇ ਪਰਿਵਾਰ ਦੀ ਸਾਰੀ ਜਾਇਦਾਦ ਕੁਰਕ ਕੀਤੀ, ਜਿਸ ਦੀ ਕੁੱਲ ਕੀਮਤ 13900 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਮਾਲਿਆ ਨੇ ਕਿਹਾ ਕਿ ਬੈਂਕਾਂ ਨੇ ਉਸ ਨੂੰ ਬੈਂਕਾਂ ਨੂੰ ਖੋਰਾ ਲਾਉਣ ਵਾਲੇ ਪੋਸਟਰ ਬੁਆਏ ਦੇ ਰੂਪ ਵਿੱਚ ਪੇਸ਼ ਕੀਤਾ। ਮਾਲਿਆ ਨੇ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਕੋਈ ਵੀ ਉਸ ਦਾ ਨਾਂ ਸੁਣਦਿਆਂ ਹੀ ਭੜਕ ਉੱਠਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਾਲਿਆ ਵੱਲੋਂ ਕੀਤੇ ਇਸ ਖੁਲਾਸੇ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਤੇ ਵਿੱਤ ਮੰਤਰੀ ਵੱਲੋਂ ਕੀ ਪ੍ਰਤੀਕਿਰਿਆ ਆਉਂਦੀ ਹੈ।