ਜੈਪੁਰ: ਗਾਂਧੀਨਗਰ ਵਿੱਚ ਨਸ਼ੇ ਨਾਲ ਟੱਲੀ ਵਿਅਕਤੀ ਨੇ ਸਕੌਰਪੀਓ ਗੱਡੀ ਨਾਲ ਫੁਟਪਾਥ ’ਤੇ ਸੌਂ ਰਹੇ 4 ਜਣਿਆਂ ਨੂੰ ਕੁਚਲ ਦਿੱਤਾ। ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹਨ। ਗਵਾਹਾਂ ਨੇ ਦੱਸਿਆ ਕਿ ਮੁਲਜ਼ਮ ਡਰਾਈਵਰ ਨਸ਼ੇ ਨਾਲ ਟੱਲੀ ਸੀ। ਇਸ ਕਰਕੇ ਉਹ ਗੱਡੀ ਬਹੁਤ ਤੇਜ਼ ਚਲਾ ਰਿਹਾ ਸੀ ਤੇ ਬੇਕਾਬੂ ਹੋਈ ਗੱਡੀ ਫੁਟਪਾਥ ’ਤੇ ਚੜ੍ਹ ਗਈ। ਗੱਡੀ ਹੇਠਾਂ ਲਾਹੁਣ ਦੀ ਕੋਸ਼ਿਸ਼ ਵਿੱਚ ਮੁਲਜ਼ਮ ਨੇ ਫੁਟਪਾਥ ’ਤੇ ਸੌਂ ਰਹੇ ਲੋਕਾਂ ਨੂੰ ਹੀ ਕੁਚਲ ਦਿੱਤਾ।

ਹਾਦਸੇ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਤੇ ਉਸ ਦੀ ਰੱਜ ਕੇ ਕੁੱਟਮਾਰ ਕੀਤੀ। ਉਸ ਦੀ ਗੱਡੀ ਦੀ ਤੋੜ-ਭੰਨ ਵੀ ਕੀਤੀ। ਕਈਆਂ ਨੇ ਤਾਂ ਗੱਡੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ’ਤੇ ਕਾਬੂ ਪਾਇਆ।

ਜਾਣਕਾਰੀ ਮੁਤਾਬਕ ਮੁਲਜ਼ਮ ਭਾਰਤ ਭੂਸ਼ਣ ਰਾਜਸਥਾਨ ਦੇ ਜ਼ਿਲ੍ਹਾ ਕਰੋਲੀ ਦੇ ਬੀਜੇਪੀ ਲੀਡਰ ਬਦਰੀ ਪ੍ਰਸਾਦ ਮੀਨਾ ਦਾ ਮੁੰਡਾ ਹੈ। ਜਿਸ ਸਕੌਰਪੀਓ ਗੱਡੀ ਨਾਲ ਲੋਕਾਂ ਨੂੰ ਕੁਚਲਿਆ, ਐਕਸੀਡੈਂਟ ਤੋਂ ਪਹਿਲਾਂ ਉਹ ਥਾਣੇ ਦੇ ਬਾਹਰ ਖੜ੍ਹੀ ਸੀ। ਗੱਡੀ ਪਿੱਛੇ ਬੀਜੇਪੀ ਦਾ ਸਟਿੱਕਰ ਲੱਗਾ ਸੀ ਜਿਸ ਨੂੰ ਗੱਡੀ ਤੋਂ ਹਟਾ ਦਿੱਤਾ ਗਿਆ ਹੈ।

ਪੁਲਿਸ ਨੇ ਮੁਲਜ਼ਮ ਭਾਰਤ ਭੂਸ਼ਣ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਮਾਮਲੇ ਦੀ FIR ਦਰਜ ਕਰ ਲਈ ਗਈ ਹੈ।