ਡਾਲਰ ਮੁਕਾਬਲੇ ਰੁਪਇਆ ਮੂਧੇ ਮੂੰਹ, ਟੁੱਟੇ ਸਾਰੇ ਰਿਕਾਰਡ
ਏਬੀਪੀ ਸਾਂਝਾ | 31 Aug 2018 12:38 PM (IST)
ਮੁੰਬਈ: ਡਾਲਰ ਦੇ ਮੁਕਾਬਲੇ ਰੁਪਇਆ ਅੱਜ ਪਹਿਲੀ ਵਾਰ 71 'ਤੇ ਫਿਸਲ ਗਿਆ। ਸ਼ੁਰਆਤ 70.95 ਪ੍ਰਤੀ ਡਾਲਰ 'ਤੇ ਹੋਈ ਜਦਕਿ ਕੁਝ ਹੀ ਦੇਰ 'ਚ 26 ਪੈਸੇ ਦੀ ਗਿਰਾਵਟ ਨਾਲ 71 ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਵੀਰਵਾਰ ਨੂੰ ਰੁਪਇਆ 70.74 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਡਾਲਰ ਦੀ ਮੰਗ ਵਧਣ 'ਤੇ ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤੀ ਮੁਦਰਾ 'ਤੇ ਦਬਾਅ ਵਧਿਆ ਹੈ। ਕੱਚਾ ਤੇਲ ਅੱਜ 78 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਇਸ ਮਹੀਨੇ ਰੁਪਇਆ 3.4% ਟੁੱਟ ਚੁੱਕਾ ਹੈ। ਜਨਵਰੀ ਤੋਂ ਹੁਣ ਤੱਕ ਇਸ 'ਚ 10% ਗਿਰਾਵਟ ਆਈ ਹੈ। ਏਸ਼ਿਆਈ ਦੇਸ਼ਾਂ ਦੀ ਕਰੰਸੀ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਇਸ ਸਾਲ ਸਭ ਤੋਂ ਖ਼ਰਾਬ ਰਿਹਾ ਹੈ ਜਦਕਿ 2017 ਵਿੱਚ 6% ਮਜ਼ਬੂਤ ਹੋਇਆ ਸੀ। ਰੁਪਏ ਦੀ ਗਿਰਾਵਟ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੇ ਰੇਟ ਤੇ ਪੈ ਸਕਦਾ ਹੈ। ਭਾਰਤ ਆਪਣੀ ਲੋੜ ਦਾ 80% ਤੋਂ ਜ਼ਿਆਦਾ ਕੱਚਾ ਤੇਲ ਮੰਗਵਾਉਂਦਾ ਹੈ। ਇਸ ਲਈ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ। ਵਿਦੇਸ਼ਾਂ ਚ ਘੁੰਮਣਾ ਤੇ ਪੜ੍ਹਾਈ ਕਰਨਾ ਮਹਿੰਗਾ ਹੋ ਜਾਵੇਗਾ। ਰੁਪਏ 'ਚ ਲਗਾਤਾਰ ਆਈ ਗਿਰਾਵਟ: 24 ਅਗਸਤ 69.91 ਰੁਪਏ 27 ਅਗਸਤ 70.16 ਰੁਪਏ 29 ਅਗਸਤ 70.59 ਰੁਪਏ 30 ਅਗਸਤ 70.74 ਰੁਪਏ 31 ਅਗਸਤ 71 ਰੁਪਏ