ਨਵੀਂ ਦਿੱਲੀ: ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਅੱਜ ਆਖਰੀ ਤਾਰੀਖ਼ ਹੈ, ਜੇਕਰ ਤੁਸੀਂ ਹਾਲੇ ਤਕ ਆਪਣੀ ਰਿਟਰਨ ਨਹੀਂ ਭਰੀ ਤਾਂ ਅੱਜ ਹੀ ਇਹ ਕੰਮ ਨਿਬੇੜ ਲਓ ਨਹੀਂ ਤਾਂ ਵੱਡਾ ਜ਼ੁਰਮਾਨਾ ਅਦਾ ਕਰਨਾ ਹੋਵੇਗਾ। ਇਸ ਵਾਰ ਮੋਦੀ ਸਰਕਾਰ ਨੇ ਸਮੇਂ ਸਿਰ ਟੈਕਸ ਨਾ ਅਦਾ ਕਰਨ ਵਾਲਿਆਂ ਨੂੰ 10,000 ਰੁਪਏ ਦਾ ਜ਼ੁਰਾਮਾਨਾ ਲਾਉਣਾ ਵੀ ਸ਼ੁਰੂ ਕਰ ਦਿੱਤਾ ਹੈ।


ਇਨਕਮ ਟੈਕਸ ਐਕਟ ਵਿੱਚ ਨਹੀਂ ਸੋਧ (234F) ਤਹਿਤ ਤੈਅ ਦਿਨ ਤੋਂ ਬਾਅਦ ਜ਼ੁਰਮਾਨਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ 31 ਅਗਸਤ ਤੋਂ ਬਾਅਦ ਤੇ 31 ਦਸੰਬਰ ਤੋਂ ਪਹਿਲਾਂ ਰਿਟਰਨ ਭਰਨ ਵਾਲਿਆਂ ਨੂੰ 5,000 ਰੁਪਏ ਜ਼ੁਰਮਾਨਾ ਦੇਣਾ ਪਵੇਗਾ। ਇੰਨਾ ਹੀ ਨਹੀਂ ਇੱਕ ਜਨਵਰੀ ਤੋਂ ਬਾਅਦ ਰਿਟਰਨ ਫਾਈਲ ਕਰਨ ਵਾਲਿਆਂ ਨੂੰ 10,000 ਰੁਪਏ ਜ਼ੁਰਮਾਨਾ ਦੇਣਾ ਪਵੇਗਾ। ਜੇਕਰ ਤੁਹਾਡੀ ਆਮਦਨ ਪੰਜ ਲੱਖ ਰੁਪਏ ਤੋਂ ਘੱਟ ਹੈ ਤਾਂ ਜ਼ੁਰਮਾਨਾ 1000 ਰੁਪਏ ਤੋਂ ਘੱਟ ਰਹੇਗਾ।

ਇਸ ਵਾਰ ਤੁਹਾਨੂੰ ਆਮਦਨ ਕਰ 2017-18 ਦੇ ਵਿੱਤੀ ਵਰ੍ਹੇ ਲਈ ਆਮਦਨ ਕਰ ਅਦਾ ਕਰਨਾ ਹੋਵੇਗਾ ਜਦਕਿ ਅਸੈਸਮੈਂਟ ਈਅਰ 2018-19 ਹੋਵੇਗਾ। ਤੁਸੀਂ ਆਪਣਾ ਟੈਕਸ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਨਾਲ ਫਾਈਲ ਕਰ ਸਕਦੇ ਹੋ। ਆਮਦਨ ਕਰ ਭਰਨ ਦੀ ਆਖ਼ਰੀ ਤਾਰੀਖ਼ 31 ਜੁਲਾਈ ਹੁੰਦੀ ਹੈ, ਜਦਕਿ ਇਸ ਵਾਰ ਮੋਦੀ ਸਰਕਾਰ ਨੇ ਇਸ ਨੂੰ ਵਧਾ ਕੇ 31 ਅਗਸਤ ਤਕ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਰਕਾਰ ਨੇ ਕੇਰਲ ਦੇ ਲੋਕਾਂ ਲਈ ਆਮਦਨ ਕਰ ਭਰਨ ਦੀ ਮਿਆਨ 31 ਅਗਸਤ ਦੀ ਬਜਾਏ 15 ਸਤੰਬਰ ਤਕ ਵਧਾ ਦਿੱਤੀ ਹੈ।