Accident News: ਅੱਜ ਸਵੇਰੇ ਹਰਿਆਣਾ ਦੇ ਕੁਰੂਕਸ਼ੇਤਰ 'ਚ ਨੈਸ਼ਨਲ ਹਾਈਵੇ 'ਤੇ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਬੱਸ ਡਰਾਈਵਰ ਤੇ ਕੰਡਕਟਰ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਨਾਲ ਦੋ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਬਾਕੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਅਤੇ ਉਸ ਦਾ ਡਰਾਈਵਰ ਫਰਾਰ ਹੋ ਗਏ ਸਨ। ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ
ਪੁਲਿਸ ਮੁਤਾਬਕ ਯਾਤਰੀਆਂ ਨਾਲ ਭਰੀ ਇੱਕ ਏਸੀ ਬੱਸ ਪੰਜਾਬ ਤੋਂ ਦਿੱਲੀ ਏਅਰਪੋਰਟ ਜਾ ਰਹੀ ਸੀ। ਜਦੋਂ ਇਹ ਬੱਸ ਹਰਿਆਣਾ ਦੇ ਕੁਰੂਕਸ਼ੇਤਰ 'ਚ ਸ਼ਾਹਾਬਾਦ 'ਚ ਮੋਹਨ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਉਸ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਅੱਜ ਸਵੇਰੇ ਕਰੀਬ ਪੌਣੇ ਪੰਜ ਵਜੇ ਨੈਸ਼ਨਲ ਹਾਈਵੇ-44 'ਤੇ ਵਾਪਰਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਕੈਬਿਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਵਿੱਚ ਬੈਠੇ ਡਰਾਈਵਰ ਅਤੇ ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ। ਦੋ ਯਾਤਰੀ ਵੀ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਉਥੋਂ ਛੁੱਟੀ ਦੇ ਦਿੱਤੀ ਗਈ ਹੈ। ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।