ਸ਼ਾਹਜਹਾਂਪੁਰ: ਯੂਪੀ ਦੇ ਸ਼ਾਹਜਹਾਂਪੁਰ ‘ਚ ਭਿਆਨਕ ਸੜਕ ਹਾਦਸਾ ਹੋਇਆ ਜਿਸ ‘ਚ 16 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਮੁੱਖ ਮੰਤਰੀ ਨੇ ਇਸ ਹਾਦਸੇ ‘ਤੇ ਸ਼ੋਕ ਜਤਾਇਆ ਹੈ। ਜ਼ਖ਼ਮੀ ਲੋਕਾਂ ਦੇ ਸਹੀ ਇਲਾਜ ਦੇ ਹੁਕਮ ਜਾਰੀ ਕੀਤੇ ਹਨ।


ਸ਼ਾਹਜਹਾਂਪੁਰ ‘ਚ ਟਰੱਕ, ਸਵਾਰੀਆਂ ਨਾਲ ਭਰੇ ਆਟੋ ‘ਤੇ ਪਲਟ ਗਿਆ। ਇਸ ਹਾਦਸੇ ‘ਚ ਆਟੋ ਸਵਾਰ 16 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਪ੍ਰਸਾਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸੀ।

ਪੁਲਿਸ ਅਧਿਕਾਰੀ ਯਸ਼ ਚਿਨੱਪਾ ਨੇ ਦੱਸਿਆ ਕਿ 16 ਲੋਕਾਂ ਦੀ ਹਾਦਸੇ ‘ਚ ਦਰਦਨਾਕ ਮੌਤ ਹੋਈ ਹੈ ਜਦਕਿ 5 ਜ਼ਖ਼ਮੀ ਹਨ। ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਦਕਿ ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਸਟਮਾਰਟਮ ਲਈ ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਅਹਿਮ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਤਾਪੁਰ ਤੋਂ ਕੱਪੜਾ ਲੈ ਕੇ ਟਰੱਕ ਨੇ ਲਖਨਊ-ਦਿੱਲੀ ਨੈਸ਼ਨਲ ਰਾਜ ਮਾਰਗ ‘ਤੇ ਜਮਕਾ ਚੌਰਾਹੇ ਕੋਲ ਖੜ੍ਹੇ ਆਟੋ ਨੂੰ ਟੱਕਰ ਮਾਰੀ। ਇਸ ਨਾਲ ਉਹ ਖੱਡ ‘ਚ ਡਿੱਗ ਗਿਆ। ਇਸ ਤੋਂ ਬਾਅਦ ਟਰੱਕ ਨੇ ਅੱਗੇ ਚੱਲ ਕੇ ਇੱਕ ਸਵਾਰੀ ਵਾਹਨ ਨੂੰ ਟੱਕਰ ਮਾਰੀ ਤੇ ਬੇਕਾਬੂ ਹੋ ਉਸ ‘ਤੇ ਪਲਟ ਗਿਆ।