ਚੇਨਈ: ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਲੋਕ ਭਿਆਨਕ ਜਲ ਸੰਕਟ ਨਾਲ ਜੂਝ ਰਹੇ ਹਨ। ਹੁਣ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੇ ਮੁੱਖ ਮੰਤਰੀ ਪਲਾਨੀਸਵਾਮੀ ਐਕਸ਼ਨ ਵਿੱਚ ਆ ਗਏ ਹਨ। ਸ਼ੁੱਕਰਵਾਰ ਉਨ੍ਹਾਂ ਕਿਹਾ ਕਿ ਵੇਲੋਰ ਦੇ ਜੋਲਾਰਪੇਟ ਤੋਂ ਰੇਲ ਜ਼ਰੀਏ ਇੱਕ ਕਰੋੜ ਲੀਟਰ ਪਾਣੀ ਚੇਨਈ ਭੇਜਿਆ ਜਾਏਗਾ। ਪਾਣੀ ਦੇ ਇੱਥੇ ਪਹੁੰਚਣ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤਕ ਇਸ ਤਰੀਕੇ ਨਾਲ ਇੱਥੇ ਪਾਣੀ ਪਹੁੰਚਾਇਆ ਜਾਏਗਾ ਤੇ ਇਸ ਲਈ 65 ਕਰੋੜ ਰੁਪਏ ਵਾਧੂ ਰੱਖੇ ਗਏ ਹਨ।


ਮੁੱਖ ਮੰਤਰੀ ਨੇ ਦੱਸਿਆ ਕਿ ਚੇਨਈ ਮੈਟਰੋਪਾਲਿਟਨ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨੇ ਪਾਣੀ ਦੀ ਵੰਡ ਸਈ 158.42 ਕਰੋੜ ਰੁਪਏ ਅਲਾਟ ਕੀਤੇ ਹਨ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਜਲ ਪੂਰਤੀ ਤੇ ਜਲਨਿਕਾਸੀ ਬੋਰਡ ਸਮੇਤ ਕਈ ਏਜੰਸੀਆਂ ਨੂੰ 108.32 ਕਰੋੜ ਰੁਪਏ ਦਿੱਤੇ ਗਏ ਹਨ ਤਾਂ ਕਿ ਉਹ ਸੂਬੇ ਦੇ ਹੋਰ ਹਿੱਸਿਆਂ ਵਿੱਚ ਪਾਣੀ ਦੀ ਕਮੀ ਦੂਰ ਕਰ ਸਕਣ।

ਦੱਸ ਦੇਈਏ ਇਸ ਤੋਂ ਪਹਿਲਾਂ ਕੇਰਲ ਸਰਕਾਰ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਤਾਮਿਲਨਾਡੂ ਨੂੰ 20 ਲੱਖ ਲੀਟਰ ਪੇਅਜਲ ਮੁਹੱਈਆ ਕਰਵਾਉਣ ਦੀ ਇੱਛਾ ਜਤਾਈ ਸੀ ਪਰ ਉਸ ਨੇ 'ਹਾਲੇ ਮਦਦ ਦੀ ਜ਼ਰੂਰਤ ਨਹੀਂ' ਕਹਿ ਕਿ ਇਸ ਯੋਜਨਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।