ਨਵੀਂ ਦਿੱਲੀ: 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੋ ਏਅਰ ਸਟ੍ਰਾਈਕ ਹੋਈ ਸੀ, ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਭਾਰਤੀ ਹਵਾਈ ਫੌਜ ਨੇ ਉਸ ਨੂੰ ਆਪ੍ਰੇਸ਼ਨ ਬਾਂਦਰ ਦਾ ਨਾਂ ਦਿੱਤਾ ਸੀ। ਆਪ੍ਰੇਸ਼ਨ ਬਾਂਦਰ ਠੀਕ ਉਵੇਂ ਹੀ ਹੈ ਜਿਵੇਂ ਹਨੂਮਾਨ ਜੀ ਨੇ ਲੰਕਾ ਵਿੱਚ ਜਾ ਕੇ ਲੰਕਾ ਸਾੜ ਦਿੱਤੀ ਸੀ। ਯਾਦ ਰਹੇ ਇਸ ਏਅਰ ਸਟ੍ਰਾਈਕ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਦੋ ਸੌ ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ।


ਭਾਰਤੀ ਹਵਾਈ ਫੌਜ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ ਸੀਆਰਪੀਐਫ ਕਾਫਲੇ 'ਤੇ ਫਿਦਾਇਨ ਹਮਲੇ ਦੇ ਠੀਕ 12 ਦਿਨਾਂ ਬਾਅਦ ਏਅਰ ਟ੍ਰਾਈਕ ਨੂੰ ਅੰਜਾਮ ਦਿੱਤਾ ਸੀ। ਪੁਲਵਾਮਾ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਜੈਸ਼ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਭਾਰਤ ਦੀਆਂ ਕੋਸ਼ਿਸ਼ਾਂ ਦੇ ਬਾਅਦ ਆਲਮੀ ਅੱਤਵਾਦੀ ਐਲਾਨ ਦਿੱਤਾ ਸੀ।

ਦੱਸ ਦੇਈਏ 'ਏਬੀਪੀ ਨਿਊਜ਼' ਨੂੰ ਚੋਣਾਂ ਤੋਂ ਪਹਿਲਾਂ ਦਿੱਤੀ ਖ਼ਾਸ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਏਅਰ ਸਟ੍ਰਾਈਕ 'ਤੇ ਗੱਲਬਾਤ ਕੀਤੀ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਕੋਈ ਦਾਅਵਾ ਨਹੀਂ ਕੀਤਾ ਸੀ ਬਲਕਿ ਉਹ ਤਾਂ ਆਪਣਾ ਕੰਮ ਕਰਕੇ ਚੁੱਪ-ਚਾਪ ਬੈਠੇ ਸੀ। ਪਾਕਿਸਤਾਨ ਨੇ ਹੀ ਕਿਹਾ ਸੀ ਕਿ ਭਾਰਤੀ ਫੌਜ ਆਈ ਸੀ ਤੇ ਸਾਨੂੰ ਮਾਰਿਆ ਤੇ ਉਨ੍ਹਾਂ ਦੇ ਲੋਕਾਂ ਨੇ ਹੀ ਉੱਥੋਂ ਬਿਆਨ ਦਿੱਤੇ ਕਿ ਏਅਰ ਸਟ੍ਰਾਈਕ ਵਿੱਚ ਕਿੰਨੇ ਲੋਕ ਮਰੇ ਸੀ।