ਮੁੰਬਈ: ਬੰਬੇ ਹਾਈਕੋਰਟ ਨੇ ਆਦਰਸ਼ ਹਾਊਸਿੰਗ ਸੁਸਾਇਟੀ ਘੁਟਾਲਾ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚਵਾਨ ਖਿਲਾਫ਼ ਮੁਕੱਦਮਾ ਚਲਾਉਣ ਲਈ ਮਹਾਰਾਸ਼ਟਰ ਦੇ ਰਾਜਪਾਲ ਤੋਂ ਸੀ.ਬੀ.ਆਈ. ਨੂੰ ਮਿਲੀ ਮਨਜ਼ੂਰੀ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਰਣਜੀਤ ਮੋਰੇ ਅਤੇ ਜਸਟਿਸ ਸਾਧਨਾ ਜਾਧਵ ਦੀ ਬੈਂਚ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਬੇਸ਼ੱਕ ਸੀ.ਬੀ.ਆਈ. ਨੇ ਇਹ ਦਾਅਵਾ ਕੀਤਾ ਸੀ ਕਿ ਉਸ ਕੋਲ ਚਵਾਨ ਦੇ ਖਿਲਾਫ ਨਵੇਂ ਸਬੂਤ ਹਨ, ਪਰ ਉਹ ਕੋਈ ਨਵਾਂ ਸਬੂਤ ਪੇਸ਼ ਕਰਨ ਵਿਚ ਅਸਫ਼ਲ ਰਹੀ।


ਬੈਂਚ ਨੇ ਕਿਹਾ ਕਿ ਸੀ.ਬੀ.ਆਈ. ਨੇ ਰਾਜਪਾਲ ਸੀ. ਵਿਦਿਆਸਾਗਰ ਰਾਓ ਦੇ ਸਾਹਮਣੇ ਜੋ ਸਮੱਗਰੀ ਪੇਸ਼ ਕੀਤੀ ਹੈ, ਉਸ ਨੂੰ ਚਵਾਨ ਖਿਲਾਫ਼ ਨਵੇਂ ਪ੍ਰਮਾਣਿਕ ਸਬੂਤ ਦੇ ਤੌਰ ‘ਤੇ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਮਨਜ਼ੂਰੀ ਅਧਿਕਾਰ ਇੱਕ ਆਜ਼ਾਦ ਇਕਾਈ ਹੈ ਜੋ ਕਿ ਕਿਸੇ ਦੀ ਰਾਇ ਨਾਲ ਖ਼ੁਦ ਨੂੰ ਪ੍ਰਭਾਵਿਤ ਨਹੀਂ ਹੋਣ ਦੇ ਸਕਦੀ।

ਬੈਂਚ ਆਦਰਸ਼ ਸੁਸਾਇਟੀ ਘੁਟਾਲਾ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਚਲਾਉਣ ਲਈ ਫਰਵਰੀ 2016 ਨੂੰ ਰਾਜਪਾਲ ਨੂੰ ਮਿਲੀ ਮਨਜ਼ੂਰੀ ਨੂੰ ਚੁਣੌਤੀ ਦੇਣ ਵਾਲੀ ਚਵਾਨ ਦੀ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ।