ਨਵੀਂ ਦਿੱਲੀ: ਪੱਤਰਕਾਰੀ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਨਾਮੀ ਰਾਮਨਾਥ ਗੋਇੰਕਾ ਪੁਰਸਕਾਰ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਦੇਸ਼ ਦੇ 26 ਪੱਤਰਕਾਰਾਂ ਨੂੰ ਪ੍ਰਦਾਨ ਕੀਤਾ। ਇਸ ਸਾਲ ਪੁਰਸਕਾਰ ਦੇ 12ਵੇਂ ਸਮਾਗਮ ਵਿੱਚ ਪ੍ਰਿੰਟ ਅਤੇ ਬ੍ਰੌਡਕਾਸਟ ਸਮੇਤ 25 ਵਰਗਾਂ ਵਿੱਚ ਸਾਲ 2016 'ਚ ਅਹਿਮ ਯੋਗਦਾਨ ਦੇਣ ਦੇ ਲਈ 26 ਪੱਤਰਕਾਰਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ।


ਸੁਪਰੀਮ ਕੋਰਟ ਦੇ ਸਾਬਕਾ ਜੱਜ ਐਨ. ਸ਼੍ਰੀਕ੍ਰਿਸ਼ਨਨ, ਐੱਚ.ਡੀ.ਐੱਫ.ਸੀ. ਲਿਮਟਿਡ ਦੇ ਚੇਅਰਮੈਨ ਦੀਪਕ ਪਾਰੇਖ, ਸਾਬਕਾ ਮੁੱਖ ਚੋਣ ਕਮੀਸ਼ਨਰ ਐੱਸ.ਵਾਈ. ਕੁਰੈਸ਼ੀ ਅਤੇ ਸੀਨੀਅਰ ਪੱਤਰਕਾਰ ਪਾਮੇਲਾ ਫਿਲੀਪੋਸ ਦੀ ਜਿਊਰੀ ਨੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਈਆਂ 800 ਅਰਜ਼ੀਆਂ ਵਿੱਚੋਂ 26 ਜੇਤੂਆਂ ਦੀ ਚੋਣ ਕੀਤੀ ਸੀ।

ਇਸ ਪੁਰਸਕਾਰ ਵੰਡ ਸਮਾਗਮ ਵਿੱਚ ਹਿੰਦੀ ਪੱਤਰਕਾਰੀ ਦੇ ਲਈ ਪ੍ਰਿੰਟ ਵਿੱਚ ਸਪਤਾਹਗ੍ਰਿਹ ਡੌਟ ਕੌਮ ਦੇ ਰਾਹੁਲ ਕੋਟਿਆਲ ਅਤੇ ਬ੍ਰਾਡਕਾਸਟ ਵਿੱਚ ਐੱਨ.ਡੀ.ਟੀ.ਵੀ. ਦੇ ਰਵੀਸ਼ ਕੁਮਾਰ ਨੂੰ ਇਹ ਪੁਰਸਕਾਰ ਦਿੱਤਾ। ਲੋਕਸੱਤਾ ਦੇ ਰਸ਼ਮ ਸੰਜੀਵ ਨੂੰ ਖੇਤਰੀ ਭਾਸ਼ਾਵਾਂ ਵਿੱਚ ਸਭ ਤੋਂ ਬਹਿਤਰੀਨ ਕੰਮ ਕਰਨ ਦੇ ਲਈ ਇਸ ਸਾਲ ਦਾ ਰਾਮਨਾਥ ਗੋਇੰਕਾ ਪੁਰਸਕਾਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਵਾਤਾਵਰਣ ਰਿਪੋਰਟਿੰਗ ਵਰਗ ਵਿੱਚ ਦੀਪਿਕਾ ਡੈਲੀ ਨੂੰ ਜਿੰਮੀ ਫਿਲਿਪ ਨੂੰ, ਵਪਾਰ ਤੇ ਅਰਥਚਾਰਾ ਪੱਤਰਕਾਰੀ ਲਈ ਇੰਡੀਅਨ ਐਕਸਪ੍ਰੈੱਸ ਦੇ ਉਤਕਰਸ਼ ਆਨੰਦ ਅਤੇ ਰਾਜਨੀਤਿਕ ਰਿਪੋਰਟਿੰਗ ਦੇ ਲਈ ਇੰਡੀਅਨ ਐਕਸਪ੍ਰੈਸ ਦੇ ਹੀ ਮਜ਼ਾਮਿਲ ਜਲੀਲ ਨੂੰ ਇਹ ਪੁਰਸਕਾਰ ਦਿੱਤਾ ਗਿਆ। ਘਟਨਾ ਵਾਲੀ ਥਾਂ ਤੋਂ ਰਿਪੋਰਟਿੰਗ ਲਈ ਸ਼ੁਭਜੀਤ ਰਾਇ ਨੂੰ, ਖੋਜੀ ਪੱਤਰਕਾਰੀ ਦੇ ਲਈ ਐਕਸਪ੍ਰੈਸ ਦੇ ਹੀ ਰਿਤੂ ਸਰੀਨ, ਪੀ.ਵੀ. ਅਈਅਰ ਅਤੇ ਜੌਇ ਮਜ਼ੂਮਦਾਰ ਨੂੰ ਅਤੇ ਖੇਡ ਪੱਤਰਕਾਰੀ ਲਈ ਆਊਟਲੁੱਕ ਦੇ ਕੈਸਰ ਮੁਹੰਮਦ ਅਲੀ ਨੂੰ ਇਹ ਪੁਰਸਕਾਰ ਦਿੱਤਾ ਗਿਆ।

ਇਸੇ ਤਰ੍ਹਾਂ ਬ੍ਰੌਡਕਾਸਟ ਦੇ ਵਰਗ 'ਚ ਜੰਮੂ-ਕਸ਼ਮੀਰ ਅਤੇ ਪੁਰਬ-ਉੱਤਰ ਤੋਂ ਰਿਪੋਰਟਿੰਗ ਲਈ ਇੰਡੀਆ ਟੂਡੇ ਦੀ ਮੋਮਿਤਾ ਸੇਨ ਨੂੰ, ਖੇਤਰੀ ਭਾਸ਼ਾ ਵਿੱਚ ਜਰਨਲਿਜ਼ਮ ਦੇ ਲਈ ਟੀਵੀ 5 ਨਿਊਜ਼ ਦੇ ਦਿਨੇਸ਼ ਅਕੁਲਾ ਨੂੰ ਤੇ ਵਪਾਰ ਤੇ ਅਰਥਚਾਰੇ ਸਬੰਧਤ ਪੱਤਰਕਾਰੀ ਲਈ ਸੀ.ਐੱਨ.ਬੀ.ਸੀ. ਆਵਾਜ਼ ਦੇ ਹਰਸ਼ਦਾ ਸਾਵੰਤ ਨੂੰ ਇਹ ਪੁਰਸਕਾਰ ਦਿੱਤਾ ਗਿਆ।

ਟੀ.ਵੀ. ਵਿੱਚ ਖੋਜੀ-ਰਿਪੋਰਟਿੰਗ ਲਈ ਐੱਨ.ਡੀ.ਟੀ.ਵੀ. 24x7 ਦੇ ਸ਼੍ਰੀਨਿਵਾਸਨ ਜੈਨ ਤੇ ਘਟਨਾ ਵਾਲੀ ਥਾਂ ਤੋਂ ਰਿਪੋਰਟਿੰਗ ਦੇ ਲਈ ਇੰਡੀਆ ਨਿਊਜ਼ ਦੇ ਆਸ਼ੀਸ਼ ਸਿਨ੍ਹਾ ਨੂੰ ਇਹ ਪੁਰਸਕਾਰ ਦਿੱਤਾ ਗਿਆ। ਇਸੇ ਹੀ ਤਰ੍ਹਾਂ ਸਿਆਸੀ ਰਿਪੋਰਟਿੰਗ ਲਈ ਨਿਊਜ਼ ਐਕਸ ਦੇ ਆਸ਼ੀਸ਼ ਸਿੰਘ ਅਤੇ ਖੇਡ ਪੱਤਰਕਾਰੀ ਦੇ ਲਈ ਟੀ.ਵੀ. ਟੁਡੇ ਦੀ ਬਿਪਾਸ਼ਾ ਮੁਖਰਜੀ ਨੂੰ ਇਹ ਸਨਮਾਨ ਮਿਲਿਆ।