ਗੁਜਰਾਤ ਤੇ ਹਿਮਾਚਲ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਫੈਸਲਾ ਕੀਤਾ ਜਾਵੇਗਾ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ। ਸ਼ੁੱਕਰਵਾਰ ਨੂੰ ਦੋਵੇਂ ਸੂਬਿਆਂ ਵਿੱਚ ਵਿਧਾਇਕਾਂ ਦੀ ਬੈਠਕ ਹੈ ਜਿਸ ਵਿੱਚ ਤੈਅ ਹੋਵੇਗਾ ਹਿਮਾਚਲ ਤੇ ਗੁਜਰਾਤ ਦਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ। ਅੱਜ ਦੀ ਇਸ ਬੈਠਕ ਦੀ ਅਗਵਾਈ ਅਰੁਣ ਜੇਤਲੀ ਕਰਨਗੇ ਤੇ ਉਨ੍ਹਾਂ ਦੇ ਨਾਲ ਸਰੋਜ ਪਾਂਡੇ, ਭੁਪਿੰਦਰ ਯਾਦਵ ਤੇ ਵੀ. ਸਤੀਸ਼ ਵੀ ਹਿੱਸਾ ਲੈਣਗੇ।


ਦੁਪਹਿਰ ਸਾਢੇ ਤਿੰਨ ਵਜੇ ਗਾਂਧੀਨਗਰ ਦੇ ਗੁਜਰਾਤ ਬੀਜੇਪੀ ਮੁੱਖ ਦਫ਼ਤਰ ਕਮਲਮ ਵਿੱਚ ਵਿਧਾਇਕ ਦਲ ਦੀ ਬੈਠਕ ਹੋਵੇਗੀ। ਦਿੱਲੀ ਤੋਂ ਅਹਿਮਦਾਬਾਦ ਰਵਾਨਗੀ ਤੋਂ ਪਹਿਲਾਂ ਅਰੁਣ ਜੇਤਲੀ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਬਾਰੇ ਪ੍ਰਧਾਨ ਮੰਤਰੀ ਨਾਲ ਵੀ ਚਰਚਾ ਕਰਨਗੇ।

ਗੁਜਰਾਤ ਵਿੱਚ ਮੁੱਖ ਮੰਤਰੀ ਦੇ ਦਾਵੇਦਾਰ ਰੁਪਾਣੀ ਦੋੜ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਨੂੰ ਕੇਂਦਰੀ ਮੰਤਰੀ ਮਨਸੁੱਖ ਮਾਂਡਵਿਆ ਤੋਂ ਟੱਕਰ ਮਿਲ ਰਹੀ ਹੈ। ਉਥੇ ਹੀ ਹਿਮਾਚਲ ਵਿੱਚ ਤਸਵੀਰ ਥੋੜ੍ਹੀ ਸਾਫ਼ ਹੁੰਦੀ ਜਾ ਰਹੀ ਹੈ।

ਸੂਤਰਾਂ ਦੇ ਮੁਤਾਬਕ ਜੈਰਾਮ ਠਾਕੁਰ ਨੂੰ ਹੁਣ ਧੂਮਲ ਦਾ ਵੀ ਅਸ਼ੀਰਵਾਦ ਮਿਲ ਗਿਆ ਹੈ। ਸੁਜਾਨਪੁਰ ਤੋਂ ਧੂਮਲ ਦੇ ਹਾਰ ਜਾਣ ਤੋਂ ਬਾਅਦ ਹਿਮਾਚਲ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਖਲਬਲੀ ਮੱਚ ਗਈ ਸੀ। ਪਰ ਪਾਰਟੀ ਦੀ ਹਾਈ ਕਮਾਂਡ ਨੇ ਹੁਣ ਮੁੱਖ ਮੰਤਰੀ ਦਾ ਇਸ਼ਾਰਾ ਜੈਰਾਮ ਠਾਕੁਰ ਵੱਲ ਕੀਤਾ ਹੈ। ਅੱਜ ਦੀ ਬੈਠਕ ਵਿੱਚ ਇਹ ਤੈਅ ਹੋ ਜਾਵੇਗਾ ਕਿ ਮੁੱਖ ਮੰਤਰੀ ਦੀ ਕੁਰਸੀ ਕਿਸ ਨੂੰ ਮਿਲੇਗੀ।