ਨਵੀ ਦਿੱਲੀ: ਰੋਹਿਣੀ ਇਲਾਕੇ ਵਿੱਚ ਅਧਿਆਤਮਕ ਯੂਨੀਵਰਸਿਟੀ ਦੇ ਨਾਂਅ ਤੋਂ ਚੱਲ ਰਹੇ ਇੱਕ ਆਸ਼ਰਮ ਵਿੱਚ ਕਈ ਘੰਟੇ ਦਿੱਲੀ ਪੁਲਿਸ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਛਾਣਬੀਣ ਦੌਰਾਨ ਦਿੱਲੀ ਪੁਲਿਸ ਨੇ ਲਗਪਗ 40 ਲੜਕੀਆਂ ਨੂੰ ਆਜ਼ਾਦ ਕਰਾਇਆ ਗਿਆ ਜੋ ਇਸ ਆਸ਼ਰਮ ਵਿੱਚ ਕੈਦ ਸਨ। ਇਨ੍ਹਾਂ ਵਿੱਚ ਕਈ ਨਾਬਾਲਿਗ ਲੜਕੀਆਂ ਵੀ ਸ਼ਾਮਿਲ ਹਨ।

ਦਿੱਲੀ ਪੁਲਿਸ ਦੇ ਨਾਲ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਟੀਮ ਨੇ ਵੀ ਇਸ ਆਸ਼ਰਮ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਕਾਰਵਾਈ ਸਵੇਰ ਤੋਂ ਸ਼ਾਮ ਤਕ ਚੱਲੀ। ਇਸ ਦੌਰਾਨ ਪੁਲਿਸ ਨੇ ਪਹਿਲਾਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਤੇ ਫਿਰ ਤਲਾਸ਼ੀ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ।

ਆਸ਼ਰਮ ਦੀ ਆੜ ਵਿੱਚ ਐਸ਼ਪ੍ਰਸਤੀ ਦਾ ਅੱਡਾ ਚਲਾਉਣ ਵਾਲਾ ਵੀਰੇਂਦਰ ਦੇਵ ਦੀਕਸ਼ਿਤ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਨੇ ਬਚਾਈਆਂ ਲੜਕੀਆਂ ਅਤੇ ਔਰਤਾਂ ਨੂੰ ਦੋ ਬੱਸਾਂ ਰਾਹੀਂ ਭਿਜਵਾਇਆ। ਆਸ਼ਰਮ ਵਿੱਚ ਦਿੱਲੀ ਪੁਲਿਸ ਦਾ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ।

ਰੋਹਿਣੀ ਦੇ ਵਿਜੇ ਵਿਹਾਰ ਇਲਾਕੇ ਵਿੱਚ ਅਧਿਆਤਮਕ ਯੂਨੀਵਰਸਿਟੀ ਦੇ ਨਾਂਅ ਨਾਲ ਆਸ਼ਰਮ ਚਲਾਉਣ ਵਾਲਾ ਵਿਰੇਂਦਰ ਦੇਵ ਦੀਕਸ਼ਿਤ ਆਪਣੇ ਆਪ ਨੂੰ ਭਗਵਾਨ ਕ੍ਰਿਸ਼ਣ ਦੱਸਦਾ ਸੀ। ਉਹ ਹਮੇਸ਼ਾ ਚੇਲੀਆਂ ਵਿਚਕਾਰ ਹੀ ਰਹਿਣਾ ਪਸੰਦ ਕਰਦਾ ਸੀ। ਉਸ ਨੇ 16,000 ਔਰਤਾਂ ਦੇ ਨਾਲ ਸਬੰਧ ਬਣਾਉਣ ਦਾ ਟੀਚਾ ਰੱਖਿਆ ਹੋਇਆ ਸੀ। ਉਹ ਗੋਪੀਆਂ ਬਣਾਉਣ ਲਈ ਸਾਥੀ ਲੜਕੀਆਂ ਨੂੰ ਸਬੰਧ ਬਣਾਉਣ ਲਈ ਆਕਰਸ਼ਿਤ ਕਰਦਾ ਸੀ।

ਕੋਰਟ ਨੇ ਇਸ ਮੁੱਦੇ ਨੂੰ ਗੰਭੀਰ ਦੱਸਦੇ ਹੋਏ ਮੰਗਲਵਾਰ ਨੂੰ ਮਹਿਲਾ ਕਮਿਸ਼ਨ ਨੂੰ ਜਾਂਚ ਦਾ ਆਦੇਸ਼ ਦਿੱਤਾ ਸੀ। ਕਾਰਵਾਈ ਤੋਂ ਬਾਅਦ ਟੀਮ ਨੇ ਬੁੱਧਵਾਰ ਨੂੰ ਹਾਈਕੋਰਟ ਨੂੰ ਰਿਪੋਰਟ ਸੌਂਪੀ, ਜਿਸ ਤੋਂ ਅੱਗੇ ਰੈਸਕਿਊ ਆਪ੍ਰੇਸ਼ਨ ਛੇੜਿਆ ਗਿਆ।