ਨਵੀਂ ਦਿੱਲੀ: ਮੋਦੀ ਸਰਕਾਰ ਹੁਣ ਦੇਸ਼ 'ਚ ਕਾਲਾ ਧਨ ਖਤਮ ਕਰਨ ਲਈ ਕੈਸ਼ਲੈੱਸ ਪ੍ਰਣਾਲੀ ਲਾਗੂ ਕਰਨਾ ਚਾਹੁੰਦੀ ਹੈ। ਮਤਲਬ ਕਿ ਕੋਈ ਵੀ ਲੈਣ-ਦੇਣ ਨਕਦ ਦੀ ਥਾਂ ਡਿਜ਼ੀਟਲ ਤਰੀਕੇ ਨਾਲ ਹੋਵੇ। ਇਸ ਲਈ ਸਰਕਾਰ ਹੁਣ ਇੱਕ ਵੱਡੀ ਤਿਆਰੀ 'ਚ ਲੱਗ ਗਈ ਹੈ। ਸਰਕਾਰ ਦੀ ਇਸ ਪ੍ਰਣਾਲੀ ਮੁਤਾਬਕ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਥਾਂ ਅਧਾਰ ਕਾਰਡ ਨਾਲ ਹੀ ਪੇਮੈਂਟ ਹੋ ਜਾਵੇਗੀ।

ਸਰਕਾਰ ਹੁਣ ਇੱਕ ਆਮ ਮੋਬਾਈਲ ਫੋਨ ਐਪ ਤਿਆਰ ਕਰਨਾ ਚਾਹੁੰਦੀ ਹੈ। ਕਾਰੋਬਾਰੀ ਜਾਂ ਦੁਕਾਨਦਾਰ ਇਸ ਦੀ ਵਰਤੋਂ ਅਧਾਰ ਕਾਰਡ ਤੋਂ ਭੁਗਤਾਨ ਲਈ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ਾਪਿੰਗ ਜਾਂ ਟਰਾਂਜੈਕਸ਼ਨ ਲਈ ਤੁਹਾਨੂੰ ਆਪਣੇ ਨਾਲ ਕ੍ਰੈਡਿਟ ਜਾਂ ਡੈਬਿਟ ਕਾਰਡ ਲਿਜਾਣ ਦੀ ਲੋੜ ਨਹੀਂ ਹੋਵੇਗੀ। ਸਿਰਫ ਤੁਹਾਨੂੰ ਆਪਣਾ ਅਧਾਰ ਨੰਬਰ ਦੱਸਣਾ ਹੋਵੇਗਾ ਤੇ ਇਸ ਦੇ ਨਾਲ ਹੀ ਲੈਣ-ਦੇਣ ਹੋ ਜਾਏਗਾ। ਨੀਤੀ ਅਯੋਗ ਇਸ ਦੇ ਲਈ ਦੇਸ਼ ਦੀਆਂ ਸਾਰੀਆਂ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਨਾਲ ਵੀ ਗੱਲ ਕਰ ਰਿਹਾ ਹੈ।

ਇਸ ਤੋਂ ਬਾਅਦ ਤੁਹਾਡਾ ਅਧਾਰ ਕਾਰਡ ਹੀ ਕਿਸੇ ਵੀ ਤਰ੍ਹਾਂ ਦੇ ਭੁਗਤਾਨ ਦੇ ਸਮਰੱਥ ਹੋ ਜਾਵੇਗਾ। ਲੋਕਾਂ ਨੂੰ ਪਹਿਲਾਂ ਆਪਣਾ ਅਧਾਰ ਕਾਰਡ ਬੈਂਕ ਨਾਲ ਲਿੰਕ ਕਰਨਾ ਹੋਵੇਗਾ। ਬਾਅਦ ਵਿੱਚ ਫੰਡ ਟ੍ਰਾਂਸਫਰ, ਬੈਲੈਂਸ ਜਾਣਕਾਰੀ, ਕੈਸ਼ ਡਿਪਾਜ਼ਿਟ, ਨਕਦੀ ਕਢਵਾਉਣ ਲਈ ਅਧਾਰ ਕਾਰਡ ਦੇ ਸਿਸਟਮ ਯਾਨੀ ਈਪੀਐਸ ਦੀ ਵਰਤੋਂ ਕੀਤੀ ਜਾ ਸਕੇਗੀ।