ਕਲਕੱਤਾ: ਪੱਛਮੀ ਬੰਗਾਲ 'ਚ ਕਈ ਥਾਵਾਂ 'ਤੇ ਫੌਜ ਦੀ ਤਾਇਨਾਤੀ ਤੋਂ ਬਾਅਦ ਹੋਏ ਵਿਵਾਦ ਮਗਰੋਂ ਫੌਜ ਨੂੰ ਹਟਾ ਦਿੱਤਾ ਗਿਆ ਹੈ। ਦਰਅਸਲ ਸੂਬੇ ਦੇ ਕਈ ਜਿਲ੍ਹਿਆਂ 'ਚ ਅਚਾਨਕ ਫੌਜ ਦੀ ਤਾਇਨਾਤੀ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਖਤ ਵਿਰੋਧ ਜਤਾਇਆ ਸੀ। ਮਮਤਾ ਨੇ ਇਸ ਕਾਰਵਾਈ ਨੂੰ ਖੁਦ ਦੇ ਖਿਲਾਫ ਇੱਕ ਵੱਡੀ ਸਾਜਿਸ਼ ਕਰਾਰ ਦਿੱਤਾ ਹੈ। ਹਾਲਾਂਕਿ ਫੌਜ ਨੇ ਇਸ ਕਾਰਵਾਈ ਨੂੰ ਇੱਕ ਰੁਟੀਨ ਅਭਿਆਸ ਦੱਸਿਆ ਹੈ।
ਇਸ ਪੂਰੇ ਵਿਵਾਦ 'ਤੇ ਪਹਿਲਾਂ ਫੌਜ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਪੁਲਿਸ ਦੀ ਪੂਰੀ ਜਾਣਕਾਰੀ ਤੋਂ ਬਾਅਦ ਹੀ ਇਹ ਅਭਿਆਸ ਕੀਤਾ ਜਾ ਰਿਹਾ ਹੈ। ਫੌਜ ਦੀ ਪੂਰਬੀ ਕਮਾਨ ਨੇ ਟਵੀਟਰ 'ਤੇ ਇੱਕ ਬਿਆਨ ਜਾਰੀ ਕਰ ਕਿਹਾ, "ਫੌਜ ਪੱਛਮੀ ਬੰਗਾਲ ਪੁਲਿਸ ਦੀ ਪੂਰੀ ਜਾਣਕਾਰੀ ਤੋਂ ਬਾਅਦ ਹੀ ਇਹ ਰੁਟੀਨ ਅਭਿਆਸ ਦੀ ਕਾਰਵਾਈ ਕਰ ਰਹੀ ਹੈ। ਅਜਿਹੀਆਂ ਅਫਵਾਹਾਂ ਗਲਤ ਹਨ ਕਿ ਫੌਜ ਟੋਲ ਪਲਾਜ਼ਾ ਦਾ ਕੰਟਰੌਲ ਲੈ ਰਹੀ ਹੈ।" ਹਾਲਾਂਕਿ ਕਲਕੱਤਾ ਪੁਲਿਸ ਨੇ ਕਿਹਾ ਕਿ ਫੌਜ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ, ਅਤੇ ਸੁਰੱਖਿਆ ਕਾਰਨਾਂ ਦੇ ਨਾਲ ਜਨਤਾ ਨੂੰ ਹੋਣ ਵਾਲੀ ਆਵਾਜਾਈ ਸਮੱਸਿਆ ਦੇ ਚੱਲਦੇ ਐਤਰਾਜ ਜਤਾਇਆ ਸੀ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬਾ ਸਰਕਾਰ ਨੂੰ ਦੱਸੇ ਬਿਨਾਂ ਕੁੱਝ ਟੋਲ ਪਲਾਜ਼ਾ 'ਤੇ ਫੋਜ ਦੀ ਤਾਇਨਾਤੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਕੇਂਦਰ ਸਰਕਾਰ ਖਿਲਾਫ ਸਖਤ ਰੁਖ ਅਪਣਾਇਆ। ਮਮਤਾ ਨੇ ਸਾਫ ਐਲਾਨ ਕਰ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਸੂਬਾ ਸਕੱਤਰੇਤ ਨੇੜੇ ਟੋਲ ਪਲਾਜ਼ਾ ਤੋਂ ਫੌਜ ਨੂੰ ਨਹੀਂ ਹਟਾਇਆ ਜਾਂਦਾ ਉਹ ਆਪਣੇ ਦਫਤਰ 'ਚੋਂ ਘਰ ਨਹੀਂ ਜਾਣਗੇ। ਇਸ 'ਤੇ ਉਹਨਾਂ ਪੂਰੀ ਰਾਤ ਸੂਬਾ ਸਕੱਤਰੇਤ 'ਚ ਹੀ ਬਿਤਾਈ।