ਚੰਡੀਗੜ੍ਹ: ਨੋਟਬੰਦੀ ਦਾ ਅੱਜ 24ਵਾਂ ਦਿਨ ਹੈ। ਪਰ ਜਨਤਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੇ ਨਾਲ ਹੀ ਸਰਕਾਰ ਦੇ ਨਵੇਂ ਐਲਾਨ ਤੋਂ ਬਾਅਦ ਜਨਤਾ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਹੋ ਸਕਦਾ ਹੈ। ਨਵੇਂ ਹੁਕਮਾਂ ਮੁਤਾਬਕ ਪੈਟਰੋਲ ਪੰਪਾਂ 'ਤੇ ਪੁਰਾਣੇ 500 ਦੇ ਨੋਟ ਚਲਾਉਣ ਲਈ ਦਿੱਤੀ ਛੋਟ ਦਾ ਅੱਜ ਆਖਰੀ ਦਿਨ ਹੈ। ਅੱਜ ਅੱਧੀ ਰਾਤ ਤੋਂ ਬਾਅਦ ਤੁਸੀਂ ਪੁਰਾਣੇ ਨੋਟਾਂ ਨਾਲ ਗੱਡੀ 'ਚ ਤੇਲ ਨਹੀਂ ਪਵਾ ਸਕੋਗੇ। ਇਸ ਦੇ ਨਾਲ ਹੀ ਏਅਰਲਾਈਨਜ਼ ਟਿਕਟ ਖਰੀਦਣ ਲਈ ਦਿੱਤੀ ਛੋਟ ਦਾ ਵੀ ਅੱਜ ਆਖਰੀ ਦਿਨ ਹੈ।
ਹਾਲਾਂਕਿ ਪਹਿਲਾਂ ਇਸ ਛੋਟ ਦੀ ਮਿਆਦ 15 ਦਸੰਬਰ ਤੱਕ ਤੈਅ ਕੀਤੀ ਗਈ ਸੀ। ਸੂਤਰਾਂ ਮੁਤਾਬਕ ਪੈਟਰੋਲ ਪੰਪਾਂ ‘ਤੇ ਪੁਰਾਣੇ ਨੋਟਾਂ ਦੀ ਬਦਲੀ ਨੂੰ ਲੈ ਕੇ ਹੋ ਰਹੀਆਂ ਗੜਬੜੀ ਦੀਆਂ ਖਬਰਾਂ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਹੈ। ਹਾਲਾਂਕਿ ਰੇਲਵੇ ਟਿਕਟ ਲੈਣ, ਦਵਾਈਆਂ ਦੀਆਂ ਦੁਕਾਨਾਂ, ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਬੀਜ ਕੇਂਦਰਾਂ ਸਮੇਤ ਕੁੱਝ ਹੋਰ ਜਰੂਰੀ ਥਾਵਾਂ ‘ਤੇ ਛੋਟ ਅਜੇ ਜਾਰੀ ਰਹੇਗੀ।