ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ ਨੰਬਰ 'ਆਧਾਰ' ਨੂੰ ਬੈਂਕ ਖ਼ਾਤਿਆਂ ਨਾਲ ਜੋੜਿਆ ਜਾਣਾ ਜ਼ਰੂਰੀ ਹੈ। ਬੈਂਕ ਨੇ ਇਹ ਸਫ਼ਾਈ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਦਿੱਤੀ, ਜਿਨ੍ਹਾਂ ਵਿੱਚ ਇਕ ਸੂਚਨਾ ਅਧਿਕਾਰ (ਆਰਟੀਆਈ) ਅਰਜ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਰਬੀਆਈ ਨੇ ਬੈਂਕ ਖ਼ਾਤਿਆਂ ਨੂੰ ਆਧਾਰ ਨਾਲ ਲਾਜ਼ਮੀ ਜੋੜਨ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ।
ਬੈਂਕ ਨੇ ਮੁੜ ਕਿਹਾ ਹੈ ਕਿ ਆਧਾਰ ਨਾਲ ਨਾ ਜੋੜੇ ਜਾਣ ਵਾਲੇ ਬੈਂਕ ਖ਼ਾਤਿਆਂ ਨੂੰ ਆਗਾਮੀ 31 ਦਸੰਬਰ ਤੋਂ ਬਾਅਦ ਜਾਮ ਕਰ ਦਿੱਤਾ ਜਾਵੇਗਾ।  ਗ਼ੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਜੂਨ ਵਿੱਚ ਬੈਂਕ ਖ਼ਾਤੇ ਖੋਲ੍ਹਣ ਅਤੇ 50 ਹਜ਼ਾਰ ਰੁਪਏ ਜਾਂ ਵੱਧ ਦੇ ਵਿੱਤੀ ਲੈਣ-ਦੇਣ ਲਈ ਆਧਾਰ ਨੰਬਰ ਲਾਜ਼ਮੀ ਕਰ ਦਿੱਤਾ ਸੀ।
ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਮੌਜੂਦਾ ਬੈਂਕ ਖ਼ਾਤੇਦਾਰਾਂ ਨੂੰ 31 ਦਸੰਬਰ, 2017  ਤੱਕ ਆਪਣਾ ਆਧਾਰ ਨੰਬਰ ਆਪਣੇ ਬੈਂਕਾਂ ਨੂੰ ਮੁਹੱਈਆ ਕਰਾਉਣ ਦੀ ਹਦਾਇਤ ਦਿੱਤੀ ਗਈ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਖ਼ਾਤੇ ਜਾਮ ਕਰ ਦਿੱਤੇ ਜਾਣਗੇ।  ਗ਼ੌਰਤਲਬ ਹੈ ਕਿ ਬੀਤੇ ਦਿਨੀਂ ਇਕ ਆਰਟੀਆਈ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਆਰਬੀਆਈ ਨੇ 'ਹਾਲੇ ਆਧਾਰ ਤੇ ਬੈਂਕ ਖ਼ਾਤਿਆਂ ਦਾ ਲਿੰਕ ਲਾਜ਼ਮੀ ਬਣਾਉਣ ਲਈ ਕੋਈ ਹਦਾਇਤ' ਜਾਰੀ ਨਹੀਂ ਕੀਤੀ।