ਨਵੀਂ ਦਿੱਲੀ: ਸਾਲ 2014 ਵਿੱਚ ਇੱਕ ਵਾਰ ਫੇਰ ਸੰਸਦ ਪਹੁੰਚੇ 153 ਸੰਸਦ ਮੈਂਬਰਾਂ ਦੀ ਸੰਪਤੀ ‘ਚ 142 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਪ੍ਰਤੀ ਸਾਂਸਦ ਔਸਤ 13.32 ਕਰੋੜ ਰੁਪਏ ਰਹੀ ਹੈ। ਇਸ ਲਿਸਟ ‘ਚ ਬੀਜੇਪੀ ਸਾਂਸਦ ਸ਼ਤਰੂਘਨ ਸਿਨ੍ਹਾ, ਬੀਜੇਡੀ ਸਾਂਸਦ ਪਿਨਾਕੀ ਮਿਸ਼ਰਾ ਤੇ ਐਨਸੀਪੀ ਸਾਂਸਦ ਸੁਪ੍ਰਿਆ ਸੂਲੇ ਟੌਪ ‘ਤੇ ਹਨ। ਇਲੈਕਸ਼ਨ ਵੌਚ ਐਂਡ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਮੁਤਾਬਕ ਪੰਜ ਸਾਲਾਂ ‘ਚ 153 ਸਾਂਸਦਾਂ ਦੀ ਔਸਤ ਜਾਇਦਾਦ ‘ਚ ਵਾਧਾ 7.81 ਕਰੋੜ ਰੁਪਏ ਰਿਹਾ।


ਆਜ਼ਾਦ ਜਨਤਕ ਖੋਜ ਸਮੂਹਾਂ ਨੇ 2014 ‘ਚ ਫੇਰ ਤੋਂ ਚੁਣੇ ਹੋਏ 153 ਸਾਂਸਦਾਂ ਵੱਲੋਂ ਸੌਂਪੇ ਵਿੱਤੀ ਬਿਓਰੇ ਦੀ ਤੁਲਨਾ ਕੀਤੀ ਹੈ। ਇਸ ‘ਚ ਪਾਇਆ ਕਿ ਇਨ੍ਹਾਂ ਸਾਂਸਦਾਂ ਦੀ ਸਾਲ 2009 ‘ਚ ਸੰਪਤੀ 5.50 ਕਰੋੜ ਰੁਪਏ ਸੀ, ਜੋ ਹੁਣ ਦੁੱਗਣੀ ਤੋਂ ਜ਼ਿਆਦਾ ਯਾਨੀ 13.32 ਕਰੋੜ ਰੁਪਏ ਹੋ ਗਈ ਹੈ।

ਇਸ ‘ਚ ਸਭ ਤੋਂ ਜ਼ਿਆਦਾ ਜਾਇਦਾਦ ‘ਚ ਵਾਧਾ ਬੀਜੇਪੀ ਸਾਂਸਦ ਸ਼ਤਰੀਘਨ ਸਿਨ੍ਹਾ ਦਾ ਹੋਇਆ ਹੈ। ਸਾਲ 2009 ‘ਚ ਉਨ੍ਹਾਂ ਦੀ ਜਾਇਦਾਦ ਕਰੀਬ 15 ਕਰੋੜ ਰੁਪਏ ਸੀ, ਜੋ 2014 ‘ਚ ਵਧਕੇ 131 ਕਰੋੜ ਰੁਪਏ ਹੋ ਗਈ। ਉਧਰ ਬੀਜੂ ਜਨਤਾ ਦਲ ਦੇ ਪਿਨਾਕੀ ਮਿਸ਼ਰਾ ਦੀ ਜਾਇਦਾਦ 107 ਕਰੋੜ ਰੁਪਏ ਤੋਂ ਵਧਕੇ 137 ਕਰੋੜ ਰੁਪਏ ਹੋ ਗਈ ਹੈ।

ਇਸ ਲਿਸਟ ‘ਚ ਤੀਜੇ ਨੰਬਰ ‘ਤੇ ਰਾਸ਼ਟਰੀ ਕਾਂਗਰਸ ਪਾਰਟੀ ਦੀ ਸੁਪ੍ਰਿਆ ਸੁਲੇ ਹੈ ਜਿਨ੍ਹਾਂ ਦੀ ਜਾਇਦਾਦ 2009 ‘ਚ 51 ਕਰੋੜ ਰੁਪਏ ਸੀ ਜੋ 2014 ‘ਚ ਵਧਕੇ 113 ਕਰੋੜ ਹੋ ਗਈ। ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਛੇਵੇਂ ਤੇ ਬੀਜੇਪੀ ਦੇ ਵਰੁਣ ਗਾਂਧੀ 10ਵੇਂ ਸਥਾਨ ‘ਤੇ ਹਨ।