ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਪੂਰੇ ਰਾਜਸੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਆਪਣੇ ਲੋਕਪ੍ਰਿਯ ਮੁੱਖ ਮੰਤਰੀ ਦੀ ਆਖਰੀ ਵਾਰ ਝਲਕ ਵੇਖਣ ਲਈ ਗੋਆ ਵਾਸੀਆਂ ਦਾ ਜਨ ਸੈਲਾਬ ਆ ਗਿਆ। ਕਲਾ ਅਕਾਦਮੀ ਤੋਂ ਮੀਰਾਮਾਰਾ ਬੀਚ ਤਕ ਪਰੀਕਰ ਦੀ ਅੰਤਿਮ ਯਾਤਰਾ ਕੱਢੀ ਗਈ। ਬੀਤੇ ਦਿਨ ਕੈਂਸਰ ਦੀ ਬਿਮਾਰੀ ਨਾਲ ਪੀੜਤ 63 ਸਾਲਾ ਪਰੀਕਰ ਦਾ ਦੇਹਾਂਤ ਹੋ ਗਿਆ ਸੀ। ਉਹ ਦੇਸ਼ ਦੇ ਰੱਖਿਆ ਮੰਤਰੀ ਵੀ ਰਹੇ ਸਨ।


ਜਿਸ ਮੀਰਾਮਾਰਾ ਬੀਚ ’ਤੇ ਪਰੀਕਰ ਦਾ ਸਸਕਾਰ ਕੀਤਾ ਗਿਆ, ਉਸ ਦੇ ਕੋਲ ਹੀ ਗੋਆ ਦੇ ਪਹਿਲੇ ਮੁੱਖ ਮੰਤਰੀ ਦਇਆਨੰਦ ਬਾਂਦੋਡਕਰ ਦਾ ਵੀ ਸਮਾਰਕ ਹੈ। ਦੱਸ ਦੇਈਏ ਕਿ ਮਨੋਹਰ ਪਰੀਕਰ ਦੇਸ਼ ਦੇ ਪਹਿਲੇ ਆਈਆਈਟੀ ਵਿਦੀਆਰਥੀ ਸਨ ਜੋ ਮੁੱਖ ਮੰਤਰੀ ਬਣੇ ਤੇ ਚਾਰ ਵਾਰ ਗੋਆ ਦੀ ਕਮਾਨ ਸੰਭਾਲੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਲਾ ਅਕਾਦਮੀ ਵਿੱਚ ਮਨੋਹਰ ਪਰੀਕਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਪਰੀਕਰ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਪਰਿਕਰ ਦੇ ਪਰਿਵਾਰ ਨੂੰ ਮਿਲ ਕੇ ਅਫ਼ਸੋਸ ਜ਼ਾਹਰ ਕੀਤਾ।



ਜ਼ਿਕਰਯੋਗ ਹੈ ਕਿ ਪਰੀਕਰ ਦੇ ਦੇਹਾਂਤ ਪਿੱਛੋਂ ਹੁਣ ਗੋਆ ਵਿਧਾਨ ਸਭਾ ਦੇ ਪ੍ਰਧਾਨ ਪ੍ਰਮੋਦ ਪਾਂਡੁਰੰਗ ਸਾਵੰਤ ਸੂਬੇ ਵਿੱਚ ਬੀਜੇਪੀ-ਨੀਤ ਗਠਜੋੜ ਸਰਕਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਦੇਰ ਰਾਤ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਆ ਫਾਰਵਰਡ ਪਾਰਟੀ ਦੇ ਵਿਜੈ ਸਰਦੇਸਾਈ ਤੇ ਐਮਜੀਪੀ ਦੇ ਸੁਦੀਨ ਧਾਵਲੀਕਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਫੈਸਲਾ ਕੀਤਾ ਗਿਆ ਹੈ।