ਲਾਹੌਲ: ਚੀਨ ਨਾਲ ਲਗਾਤਾਰ ਵਧਦੇ ਜਾ ਰਹੇ ਤਣਾਅ ਤੇ ਹਿਮਾਚਲ ਨਾਲ ਲੱਗਦੀ 240 ਕਿਲੋਮੀਟਰ ਲੰਮੀ ਸਰਹੱਦ ਉੱਤੇ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਨੂੰ ਵੇਖਦਿਆਂ ਹੁਣ ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਐਡਵਾਂਸ ਲੈਂਡਿੰਗ ਗ੍ਰਾਊਂਡ ਤਿਆਰ ਹੋਣਗੇ। ਕੇਂਦਰੀ ਰੱਖਿਆ ਮੰਤਰਾਲੇ ਨੇ ਇਸ ਲਈ ਹਿਮਾਚਲ ਸਰਕਾਰ ਨੂੰ ਜ਼ਮੀਨ ਲੱਭਣ ਲਈ ਕਿਹਾ ਹੈ। ਜ਼ਮੀਨ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਰੱਖਿਆ ਮੰਤਰਾਲਾ ਉਨ੍ਹਾਂ ਦਾ ਸਰਵੇਖਣ ਕਰਕੇ ਵਾਜਬ ਸਥਾਨਾਂ ਉੱਤੇ ਲੈਂਡਿੰਗ ਗ੍ਰਾਊਂਡ ਤਿਆਰ ਕਰੇਗਾ।


ਮੀਡੀਆ ਰਿਪੋਰਟ ਮੁਤਾਬਕ ਆਮ ਸਮੇਂ ’ਚ ਸ਼ਹਿਰੀ ਹਵਾਬਾਜ਼ੀ ਵੱਲੋਂ ਇਨ੍ਹਾਂ ਗ੍ਰਾਊਂਡਜ਼ ਦੀ ਵਰਤੋਂ ਕੀਤੀ ਜਾਵੇਗੀ ਤੇ ਜੰਗ ਵਰਗੇ ਹਾਲਾਤ ਵੇਲੇ ਫ਼ੌਜ ਇਨ੍ਹਾਂ ਦੀ ਵਰਤੋਂ ਕਰਿਆ ਕਰੇਗੀ। ਹਿਮਾਚਲ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਜ਼ਮੀਨ ਦੀ ਸ਼ਨਾਖ਼ਤ ਕਰਨ ਲਈ ਆਖਿਆ ਹੈ।

ਦਰਅਸਲ, ਲੱਦਾਖ ਦੇ ਗਲਵਾਂ ’ਚ ਚੀਨ ਨਾਲ ਹੋਈ ਭਾਰਤੀ ਫ਼ੌਜ ਦੀ ਝੜਪ ਤੋਂ ਬਾਅਦ ਚੀਨ ਦੀ ਹਵਾਈ ਫ਼ੌਜ ਨੇ ਲਾਹੌਲ-ਸਪਿਤੀ ਦੇ ਸਮਦੋ ’ਚ ਅੱਠ ਕਿਲੋਮੀਟਰ ਅੰਦਰ ਤੱਕ ਉਡਾਣ ਭਰਨ ਦੀ ਜੁੱਰਅਤ ਕੀਤੀ ਸੀ। ਇਸ ਮਗਰੋਂ ਭਾਰਤ ਏਜੰਸੀਆਂ ਕਾਫੀ ਫਿਕਰਮੰਦ ਸੀ। ਹੋਰ ਤਾਂ ਹੋਰ ਐਡਵਾਂਸ ਪੋਸਟ ਦੇ ਇਲਾਕਿਆਂ ਵਿੱਚ ਕਿਸੇ ਹੰਗਾਮੀ ਹਾਲਾਤ ’ਚ ਫ਼ੌਜ ਦੇ ਉੱਤਰਨ ਦਾ ਕੋਈ ਇੰਤਜ਼ਾਮ ਨਹੀਂ ਸੀ ਤੇ ਸਥਾਨਕ ਲੋਕ ਵੀ ਇਸ ਤੋਂ ਫ਼ਿਕਰਮੰਦ ਸਨ।

ਫਿਰ ਰਾਜਪਾਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੋ ਚਿੱਠੀਆਂ ਲਿਖ ਕੇ ਇਸ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ਉੱਤੇ ਬੁਨਿਆਦੀ ਢਾਂਚੇ ਦੀ ਉਸਾਰੀ ਦੀ ਸਿਫ਼ਾਰਸ਼ ਸਮੇਤ 12 ਵੱਖੋ-ਵੱਖਰੇ ਨੁਕਤਿਆਂ ਉੱਤੇ ਕੰਮ ਕਰਨ ਦੀ ਗੱਲ ਕੀਤੀ ਸੀ। ਰੱਖਿਆ ਮੰਤਰੀ ਨੇ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਮੰਨਦਿਆਂ ਇਨ੍ਹਾਂ ਖੇਤਰਾਂ ਵਿੱਚ ਸੜਕ, ਮੋਬਾਈਲ ਨੈੱਟਵਰਕ ਤੇ ਫ਼ੌਜ ਦੀ ਨਫ਼ਰੀ ਵਧਾਉਣ ਜਿਹੀ ਹਦਾਇਤ ਜਾਰੀ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904