ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਆਈ ਬੱਸ ਆਖ਼ਰੀ ਵਾਰ ਵਤਨ ਪਰਤ ਗਈ ਹੈ। ਬੀਤੀ ਰਾਤ ਪਾਕਿਸਤਾਨ ਨੇ ਭਾਰਤ ਲਈ ਚੱਲਦੀ ਬੱਸ ਸੇਵਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਹੁਣ ਅੰਮ੍ਰਿਤਸਰ ਦੇ ਕੌਮਾਂਤਰੀ ਬੱਸ ਟਰਮੀਨਲ ਤੋਂ ਭਾਰਤ ਆਈ ਪਾਕਿਸਤਾਨ ਦੀ ਬੱਸ ਬਗ਼ੈਰ ਕਿਸੇ ਸਵਾਰੀ ਤੋਂ ਸਖ਼ਤ ਪੁਲਿਸ ਸੁਰੱਖਿਆ ਹੇਠ ਆਪਣੇ ਵਤਨ ਪਰਤ ਗਈ ਹੈ। ਭਾਰਤ ਦੀ ਬੱਸ ਪਾਕਿਸਤਾਨ ਗਈ ਹੋਈ ਹੈ, ਜੋ ਅੱਜ ਬਾਅਦ ਦੁਪਹਿਰ ਵਾਪਸ ਪਰਤ ਆਵੇਗੀ।

ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਭਰੇ ਮਾਹੌਲ ਦੇ ਦਰਮਿਆਨ ਇਸ ਬੱਸ ਵਿੱਚ ਕੋਈ ਵੀ ਯਾਤਰੀ ਅੱਜ ਪਾਕਿਸਤਾਨ ਰਵਾਨਾ ਨਹੀਂ ਹੋਇਆ। ਸਾਫ ਹੈ ਕਿ ਯਾਤਰੀ ਦੋਵਾਂ ਦੇਸ਼ਾਂ ਦੇ ਤਲਖ਼ ਹੋਏ ਰਿਸ਼ਤਿਆਂ ਕਾਰਨ ਖ਼ੁਦ ਨੂੰ ਪ੍ਰੇਸ਼ਾਨੀ ਵਿੱਚ ਨਹੀਂ ਪਾਉਣਾ ਚਾਹੁੰਦੇ। ਭਾਰਤ ਵੱਲੋਂ ਜੰਮੂ-ਕਸ਼ਮੀਰ ਦੇ ਪੁਨਰਗਠਨ ਅਤੇ ਧਾਰਾ 370 ਨੂੰ ਬੇਅਸਰ ਕਰਨ ਕਾਰਨ ਪਾਕਿਸਤਾਨ ਭਾਰਤ ਨਾਲ ਤੜਿੰਗ ਹੋ ਗਿਆ ਹੈ। ਪਾਕਿਸਤਾਨ ਇਸ ਤੋਂ ਪਹਿਲਾਂ ਟਰੇਨਾਂ ਸਮਝੌਤਾ ਐਕਸਪ੍ਰੈਸ ਤੇ ਥਾਰ ਐਕਸਪ੍ਰੈਸ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਆਖ਼ਰੀ ਸਾਧਨ ਬੱਸ ਵੀ ਹੁਣ ਠੱਪ ਕਰ ਦਿੱਤੀ ਗਈ ਹੈ।

ਆਮ ਤੌਰ 'ਤੇ ਜਦੋਂ ਇਹ ਬੱਸ ਸੇਵਾ ਚੱਲਦੀ ਸੀ ਤਾਂ ਇਸ ਬੱਸ ਵਿੱਚ ਵੱਡੀ ਗਿਣਤੀ ਦੇ ਵੀ ਯਾਤਰੀਆਂ ਨੇ ਨਨਕਾਣਾ ਸਾਹਿਬ ਜਾਣਾ ਸ਼ੁਰੂ ਕੀਤਾ ਸੀ। ਭਾਰਤ ਤੋਂ ਇਹ ਬੱਸ ਮੰਗਲਵਾਰ ਅਤੇ ਸ਼ੁੱਕਰਵਾਰ ਨਨਕਾਣਾ ਸਾਹਿਬ ਦੇ ਲਈ ਜਾਂਦੀ ਸੀ ਅਤੇ ਇਸੇ ਦਿਨ ਹੀ ਪਾਕਿਸਤਾਨ ਦੀ ਬੱਸ ਭਾਰਤ ਵਿੱਚ ਦਾਖ਼ਲ ਹੋ ਜਾਂਦੀ ਸੀ ਅਤੇ ਅਗਲੇ ਦਿਨ ਬੁੱਧਵਾਰ ਅਤੇ ਸ਼ਨੀਵਾਰ ਇਹ ਬੱਸਾਂ ਮੁੜ ਆਪਣੇ ਆਪਣੇ ਵਤਨਾਂ ਨੂੰ ਪਰਤ ਜਾਂਦੀਆਂ ਸਨ।