ਨਵੀਂ ਦਿੱਲੀ: ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਖ਼ਰਾਬ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਭਾਰਤੀ ਮੈਡੀਕਲ ਵਿਗਿਆਨ ਖੋਜ ਸੰਸਥਾਨ ਦੇ ਡਾਕਟਰਾਂ ਨੇ ਦੱਸਿਆ ਕਿ 66 ਸਾਲਾ ਜੇਤਲੀ ਨੂੰ ਦਿਲ ਦੀ ਧੜਕਣ ਵਧਣ ਅਤੇ ਬੇਚੈਨੀ ਦੀ ਸ਼ਿਕਾਇਤ ਸੀ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।


ਡਾਕਟਰਾਂ ਨੇ ਜੇਤਲੀ ਨੂੰ ਆਈਸੀਯੂ ’ਚ ਨਿਗਰਾਨੀ ਅਧੀਨ ਰੱਖਿਆ ਹੈ। ਉਨ੍ਹਾਂ ਨੂੰ ਸਵੇਰੇ ਕਰੀਬ 10 ਵਜੇ ਕਾਰਡੀਓ ਨਿਊਰੋ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਦਿਲ ਅਤੇ ਗੁਰਦਿਆਂ ਦੇ ਮਾਹਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ’ਚ ਜੇਤਲੀ ਨੇ ਗੁਰਦੇ ਦਾ ਆਪ੍ਰੇਸ਼ਨ ਵੀ ਕਰਵਾਇਆ ਸੀ। ਇਸ ਵਾਰ ਉਨ੍ਹਾਂ ਸਿਹਤ ਨਾ ਠੀਕ ਹੋਣ ਕਾਰਨ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜੇਤਲੀ ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਹੋਰ ਭਾਜਪਾਈ ਨੇਤਾ ਪਹੁੰਚੇ ਸਨ।