ਚੰਡੀਗੜ੍ਹ: ਕਸ਼ਮੀਰ 'ਤੇ ਭਾਰਤ ਵੱਲੋਂ ਲਏ ਫੈਸਲੇ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾ ਗਿਆ ਹੈ। ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਰੇਲ ਸੇਵਾ ਠੱਪ ਕਰਨ ਤੋਂ ਬਾਅਦ ਹੁਣ ਬੱਸ ਸੇਵਾ ਵੀ ਰੋਕ ਦਿੱਤੀ ਹੈ। ਪਾਕਿਸਤਾਨ ਦੇ ਮੰਤਰੀ ਮੁਰਾਦ ਸਈਅਦ ਨੇ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਪਾਕਿਸਤਾਨ ਵਾਲੀ ਬੱਸ ਹਾਲੇ ਅੰਮ੍ਰਿਤਸਰ ਟਰਮੀਨਲ 'ਤੇ ਖੜੀ ਹੈ। ਕੱਲ੍ਹ ਸਵੇਰੇ 9:30 ਵਜੇ ਇਸ ਨੂੰ ਪਾਕਿਸਤਾਨ ਲਿਜਾਇਆ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਜਿੰਨਾ ਚਿਰ ਭਾਰਤ ਵਾਲੀ ਬੱਸ ਪਾਕਿਸਤਾਨ ਰਹਿੰਦੀ ਹੈ, ਓਨੀ ਦੇਰ ਪਾਕਿਸਤਾਨ ਦੀ ਬੱਸ ਵੀ ਭਾਰਤ ਦੇ ਕਬਜ਼ੇ ਵਿੱਚ ਰਹੇਗੀ।
ਦੱਸ ਦੇਈਏ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਭਰੇ ਮਾਹੌਲ ਦਰਮਿਆਨ ਇਸ ਬੱਸ ਵਿੱਚ ਕੋਈ ਵੀ ਯਾਤਰੀ ਅੱਜ ਪਾਕਿਸਤਾਨ ਨਹੀਂ ਗਿਆ। ਮੁਸਾਫਰਾਂ ਦਾ ਨਾ ਜਾਣਾ ਸਾਫ ਕਰਦਾ ਹੈ ਕਿ ਰੇਲ ਸੇਵਾ ਬੰਦ ਹੋਣ ਦਾ ਅਸਰ ਭਾਰਤ ਪਾਕਿਸਤਾਨ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਦੇ ਨਾਲ ਨਾਲ ਬੱਸ ਸਰਵਿਸ ਦੇ ਉੱਪਰ ਵੀ ਪਿਆ। ਪਾਕਿਸਤਾਨ ਨੇ ਬੀਤੇ ਕੱਲ੍ਹ ਸਮਝੌਤਾ ਐਕਸਪ੍ਰੈਸ ਰੱਦ ਕਰਨ ਦਾ ਐਲਾਨ ਕੀਤਾ ਸੀ।
ਯਾਦ ਰਹੇ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਰੱਦ ਕੀਤੀ ਤੇ ਉਸ ਮਗਰੋਂ ਭਾਰਤ ਆਉਂਦੀ ਇੱਕ ਹੋਰ ਰੇਲ ਗੱਡੀ ਬੰਦ ਕਰ ਦਿੱਤੀ ਹੈ। ਪਾਕਿਸਤਾਨ ਨੇ ਹਫ਼ਤਾਵਰੀ ਰੇਲ ਥਾਰ ਐਕਸ੍ਰੈਸ ਨੂੰ ਵੀ ਬੰਦ ਕਰ ਦਿੱਤਾ ਹੈ।