ਵਾਸ਼ਿੰਗਟਨ: ਇੱਕ ਫੇਸਬੁੱਕ ਪੋਸਟ ਤੋਂ ਖੁਲਾਸਾ ਹੋਇਆ ਹੈ ਕਿ ਇੱਕ ਕੈਬ ਸੇਵਾ (ਊਬਰ) ਡ੍ਰਾਇਵਰ ਨੇ ਇੱਕ ਮਹਿਲਾ ਯਾਤਰੀ ਨੂੰ ਇੱਕ ਮਨਚਲਾ ਵਿਅਕਤੀ ਤੋਂ ਬਚਾਇਆ ਹੈ। ਦਰਅਸਲ, ਮੁਟਿਆਰ ਕੋਈ ਸਿਰਫਿਰਾ ਵਿਅਕਤੀ ਤੰਗ ਕਰ ਰਿਹਾ ਸੀ ਅਤੇ ਊਬਰ ਚਾਲਕ ਨੇ ਬੜੀ ਸੂਝਬੂਝ ਨਾਲ ਉਸ ਨੂੰ ਬਚਾਇਆ।


ਯੂਐਸ ਊਬਰ ਡ੍ਰਾਈਵਰ ਬਾਰਡਨ ਗੇਲੇ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਕਿ ਉਸ ਨੂੰ ਰਾਤ ਨੂੰ ਕੈਬ ਦੀ ਬੁਕਿੰਗ ਦਾ ਨੋਟੀਫਿਕੇਸ਼ਨ ਆਇਆ ਜਿਵੇਂ ਹੀ ਉਸ ਨੇ ਕੈਬ ਬੁਕਿੰਗ ਅਸੈਪਟ ਕੀਤੀ ਤਾਂ ਅੱਗੇ ਤੋਂ ਮਹਿਲਾ ਯਾਤਰੀ ਨੇ ਉਸ ਨੂੰ ਮੈਸੇਜ ਕੀਤਾ ਕਿ ਜਦੋਂ ਉਹ ਆਵੇ ਤਾਂ ਉਹ ਮਹਿਲਾ ਦੇ ਪ੍ਰੇਮੀ ਹੋਣ ਦਾ ਡ੍ਰਾਮਾ ਕਰੇ।

ਉਸ ਨੇ ਮੁਟਿਆਰ ਦੇ ਕਹੇ ਮੁਤਾਬਕ ਕੀਤਾ। ਡਰਾਈਵਰ ਨੇ ਆਪਣੀ ਗੱਡੀ ਤੋਂ ਊਬਰ ਦੇ ਸਾਰੇ ਸਟਿੱਕਰ ਆਦਿ ਵੀ ਉਤਾਰੇ। ਗੇਲੇ ਨੇ ਇਹ ਵੀ  ਲਿਖਿਆ ਕਿ ਉਸ ਨੂੰ ਬੜੇ ਭਾਰੇ ਮਨ ਨਾਲ ਆਪਣੀ ਵਿਆਹ ਵਾਲੀ ਅੰਗੂਠੀ ਵੀ ਲਾਹੁਣੀ ਪਈ। ਜਦ ਉਹ ਉਸ ਮੁਟਿਆਰ ਨੂੰ ਲੈਣ ਲਈ ਪਹੁੰਚਿਆ ਤਾਂ ਉਹ ਗੱਡੀ ਦੇਖ ਕੇ ਦੂਰੋਂ ਹੀ ਬੋਲੀ, "ਹਾਏ ਬੇਬ! ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ।"



ਇੰਨਾ ਕਹਿ ਉਹ ਭੱਜ ਕੇ ਗੱਡੀ ਵਿੱਚ ਬੈਠ ਗਈ। ਜਦ ਦੋਵੇਂ ਉਸ ਮਨਚਲੇ ਦੀਆਂ ਅੱਖਾਂ ਤੋਂ ਦੂਰ ਹੋ ਗਏ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕੀਤੀ। ਉਸ ਨੇ ਗੇਲੇ ਨੂੰ ਦੱਸਿਆ ਕਿ ਇੱਕ ਮੁੰਡਾ ਉਸ ਨੂੰ ਕਾਫੀ ਤੰਗ ਕਰ ਰਿਹਾ ਸੀ ਤਾਂ ਉਸ ਤੋਂ ਬਚਣ ਲਈ ਉਸ ਨੇ ਇਹ ਤਰਕੀਬ ਸੋਚੀ। ਗੇਲੇ ਨੇ ਆਪਣੀ ਫੇਸਬੁੱਕ ਪੋਸਟ 'ਤੇ ਇਹ ਵੀ ਲਿਖਿਆ ਕਿ ਮਰਦਾਂ ਨੂੰ ਸੋਚਣਾ ਚਾਹੀਦਾ ਹੈ ਅਤੇ ਔਰਤਾਂ ਵੱਲੋਂ ਕੀਤੀ ਨਾਂਹ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ। ਉਸ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।