ਨਵੀਂ ਦਿੱਲੀ: ਰਾਜਸਥਾਨ ਵਿਧਾਨ ਸਭਾ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯੂਪੀਏ ਸਰਕਾਰ ਵਿੱਚ ਹੋਏ ਕਥਿਤ ਘਪਲਿਆਂ ਦੇ ਬਹਾਨੇ ਕਾਂਗਰਸ ਪਰਿਵਾਰ ’ਤੇ ਤਿੱਖੇ ਵਾਰ ਕੀਤੇ। ਰਾਜਸਥਾਨ ਦੇ ਸਮੇਰਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਯੂਪੀਏ ਦੇ ਰਾਜ ਵਿੱਚ VVIP ਅਗਸਤਾ ਹੈਲੀਕਾਪਟਰ ਘਪਲਾ ਹੋਇਆ। ਮੋਦੀ ਸਰਕਾਰ ਨੇ ਉਸ ਦੀ ਜਾਂਚ ਕਰਵਾਈ ਤੇ ਘਪਲੇ ਦਾ ਰਾਜ਼ਦਾਰ ਸਾਹਮਣੇ ਆਇਆ। ਹੁਣ ਉਹ ਰਾਜ਼ਦਾਰ ਰਾਜ਼ ਖੋਲ੍ਹੇਗਾ ਤਾਂ ਪਤਾ ਨਹੀਂ ਗੱਲ ਕਿੱਥੋਂ ਕਿੱਥੇ ਤਕ ਜਾਏਗੀ।

ਨੈਸ਼ਨਲ ਹੈਰਲਡ ਮਾਮਲੇ 'ਤੇ ਮੋਦੀ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਕੱਲ੍ਹ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਾਮਦਾਰਾਂ ਦੇ ਕਾਲੇ ਕਾਰਨਾਮਿਆਂ ਦੀ ਚਿੱਠੀ ਖੋਲ੍ਹਣ ਦਾ ਅਧਿਕਾਰ ਦੇ ਦਿੱਤਾ ਹੈ। ਹੁਣ ਵੇਖਦੇ ਹਾਂ ਕਿ ਲੁੱਟ ਮਚਾਉਣ ਵਾਲੇ ਕਿੰਨਾ ਬਚ ਕੇ ਨਿਕਲਦੇ ਹਨ।

ਜ਼ਿਕਰਯੋਗ ਹੈ ਕਿ ਚੁਣਾਵੀ ਮਾਹੌਲ ਦੌਰਾਨ ਤਿੰਨ ਕਥਿਤ ਘਪਲੇ ਕਾਂਗਰਸ ਦਾ ਪਿੱਛਾ ਕਰ ਰਹੇ ਹਨ। ਪਹਿਲਾ ਕੇਸ ਬੀਕਾਨੇਰ ਲੈਂਡ ਡੀਲ ਨਾਲ ਸਬੰਧਤ ਹੈ, ਜਿਸ ਵਿੱਚ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਦਾ ਨਾਂ ਆਉਂਦਾ ਹੈ। ਦੂਜਾ, ਨੈਸ਼ਨਲ ਹੈਰਲਡ ਦਾ ਮਾਮਲਾ ਹੈ, ਜਿਸ ਦੀ ਜਾਂਚ ਆਮਦਨ ਕਰ ਵਿਭਾਗ ਕੋਲ ਹੈ। ਤੀਜਾ ਮਾਮਲਾ ਅਗਸਤਾ ਵੈਸਟਲੈਂਡ ਦਾ ਹੈ ਜੋ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।

ਜ਼ਿਕਰਯੋਗ ਹੈ ਕਿ ਵੀਵੀਆਈਪੀ ਅਗਸਤਾ ਵੈਸਟਲੈਂਡ ਡੀਲ ਰਿਸ਼ਵਤ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਸ ਡੀਲ ਦੇ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਭਾਰਤ ਲਿਆਂਦਾ ਗਿਆ ਹੈ। ਸੀਬੀਆਈ ਮੁਤਾਬਕ ਮਿਸ਼ੇਲ ‘ਤੇ ਇਸ ਡੀਲ ‘ਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਜ਼ਿਸ਼ ਘੜਣ ਦਾ ਇਲਜ਼ਾਮ ਹੈ।

ਭਾਰਤ ਸਰਕਾਰ ਨੇ 8 ਫਰਵਰੀ 2010 ’ਚ ਰੱਖਿਆ ਮੰਤਰਾਲੇ ਰਾਹੀਂ ਬ੍ਰਿਟੇਨ ਦੀ ਅਗਸਤਾ ਵੈਸਟਲੈਂਡ ਇੰਟਰਨੈਸ਼ਨਲ ਲਿਮਟਿਡ ਨੂੰ ਕਰੀਬ 55.62 ਕਰੋੜ ਯੂਰੋ ਦਾ ਠੇਕਾ ਦਿੱਤਾ ਸੀ। ਈਡੀ ਨੇ ਮਿਸ਼ੇਲ ਖਿਲਾਫ ਜੂਨ 2016 ‘ਚ ਦਾਖਿਲ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਮਿਸ਼ੇਲ ਨੂੰ ਅਗਸਤਾ ਤੋਂ 225 ਕਰੋੜ ਰੁਪਏ ਰਿਸ਼ਵਤ ਵਜੋਂ ਮਿਲੇ ਹਨ।