ਤਿੰਨ ਤਲਾਕ 'ਤੇ ਬੋਲਦੇ ਓਵੈਸੀ 'ਤੇ ਸੁੱਟਿਆ ਜੁੱਤਾ
ਏਬੀਪੀ ਸਾਂਝਾ | 24 Jan 2018 11:47 AM (IST)
ਮੁੰਬਈ: ਆਲ ਇੰਡੀਆ ਮਜਸਲਿਸ-ਏ-ਇੱਤੇਹਾਦੁਲ ਮੁਸਲਿਮੀਨ ਦੇ ਮੁਖੀ ਤੇ ਐਮਪੀ ਅਸੱਦੁਦੀਨ ਓਵੈਸੀ 'ਤੇ ਮੁੰਬਈ ਦੇ ਨਾਗਪਾੜਾ ਇਲਾਕੇ 'ਚ ਰੈਲੀ ਦੌਰਾਨ ਜੁੱਤਾ ਸੁੱਟਿਆ ਗਿਆ। ਉਹ ਤਿੰਨ ਤਲਾਕ ਬਾਰੇ ਭਾਸ਼ਣ ਦੇ ਰਹੇ ਸਨ। ਇਸੇ ਵਿਚਾਲੇ ਇੱਕ ਬੰਦੇ ਨੇ ਉਨ੍ਹਾਂ 'ਤੇ ਬੂਟ ਸੁੱਟਿਆ। ਪੁਲਿਸ ਮੁਲਜ਼ਮ ਨੂੰ ਨਹੀਂ ਫੜ ਸਕੀ ਹੈ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਓਵੈਸੀ ਨੇ ਕਿਹਾ ਕਿ ਅਜਿਹੇ ਲੋਕ ਮਹਾਤਮਾ ਗਾਂਧੀ ਦੇ ਕਾਤਲਾਂ ਦੀ ਵਿਚਾਰਧਾਰਾ ਨੂੰ ਫਾਲੋ ਕਰਦੇ ਹਨ ਪਰ ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੋਕ ਨਹੀਂ ਸਕਦੀ। ਓਵੈਸੀ ਨੇ ਇਲਜ਼ਾਮ ਲਾਇਆ ਕਿ ਤਿੰਨ ਤਲਾਕ ਬਿੱਲ ਮੁਸਲਮਾਨਾਂ ਖਿਲਾਫ ਸਾਜ਼ਿਸ਼ ਹੈ। ਸਮਾਜ ਦੇ ਬੰਦਿਆਂ ਨੂੰ ਸਜ਼ਾ ਦੇਣ ਦੀ ਇੱਕ ਚਾਲ ਹੈ। ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਓਵੈਸੀ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 'ਪਦਮਾਵਤ' ਫਿਲਮ ਨਾਲ ਜੁੜੇ ਵਿਵਾਦ ਦੇ ਮਾਮਲੇ 'ਤੇ ਸੰਸਦ ਦੀ ਕਮੇਟੀ ਨੇ ਵਿਚਾਰ ਕੀਤਾ ਸੀ ਪਰ ਤਿੰਨ ਤਲਾਕ ਦੇ ਮੁੱਦੇ ਨੂੰ ਲੈ ਕੇ ਅਜਿਹਾ ਕੋਈ ਕਦਮ ਨਹੀਂ ਚੱਕਿਆ ਗਿਆ।