ਕੈਪਟਨ ਨੇ ਫਿਰ ਅੱਡਿਆ ਮੋਦੀ ਮੂਹਰੇ ਪੱਲਾ
ਏਬੀਪੀ ਸਾਂਝਾ | 23 Jan 2018 04:35 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਡੇਅਰੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮਿਲਾਈ ਲਾਹੇ (ਸਪਰੇਟਾ) ਦੁੱਧ ਦੇ ਪਾਊਡਰ (ਐਸ.ਐਮ.ਪੀ.) ਦੇ ਸਟਾਕ 'ਤੇ 50 ਰੁਪਏ ਪ੍ਰਤੀ ਕਿੱਲੋ ਤੇ ਚਿੱਟੇ ਮੱਖਣ 'ਤੇ 25 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 31 ਮਾਰਚ, 2018 ਤੱਕ ਯਕਮੁਸ਼ਤ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨਵੰਬਰ 2017 ਤੋਂ ਅਪ੍ਰੈਲ 2018 ਤੱਕ ਜ਼ਿਆਦਾ ਦੁੱਧ ਵਾਲੇ ਸੀਜ਼ਨ ਦੇ ਵਾਸਤੇ ਸੂਬੇ ਦੀਆਂ ਦੁੱਧ ਫੈਡਰੇਸ਼ਨਾਂ ਵੱਲੋਂ ਪ੍ਰਾਪਤ ਕੀਤੇ ਕੰਮਕਾਜੀ ਪੂੰਜੀ ਕਰਜ਼ 'ਤੇ ਵਿਆਜ ਦੀ ਛੋਟ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕਮਰਸ ਮੰਤਰਾਲਾ ਨੂੰ ਸਟੇਟ ਮਿਲਕ ਕੋਆਪ੍ਰੇਟਿਵ ਡੇਅਰੀ ਉਤਪਾਦਾਂ 'ਤੇ ਬਰਾਮਦੀ ਲਾਭ 'ਤੇ ਮੌਜੂਦਾ ਪੰਜ ਫ਼ੀ ਸਦੀ ਦੀ ਦਰ ਤੋਂ ਵਧਾ ਕੇ 15 ਫ਼ੀਸਦੀ ਕਰਵਾਉਣ। ਕੈਪਟਨ ਨੇ ਮੋਦੀ ਨੂੰ ਇਹ ਵੀ ਦੱਸਿਆ ਕਿ ਐਸ.ਐਮ.ਪੀ. ਤੇ ਹੋਰ ਦੁੱਧ ਉਤਪਾਦਾਂ ਦੀਆਂ ਪਿਛਲੇ ਕੁਝ ਸਾਲਾਂ ਤੋਂ ਅੰਤਰ-ਰਾਸ਼ਟਰੀ ਦੁੱਧ ਮੰਡੀ ਕੀਮਤਾਂ ਘੱਟਣ ਕਾਰਨ ਦੇਸ਼ ਵਿੱਚ ਡੇਅਰੀ ਸਹਿਕਾਰਤਾ ਔਖੇ ਦੌਰ ਵਿੱਚੋਂ ਲੰਘ ਰਹੀ ਹੈ। ਕੀਮਤਾਂ ਵਿੱਚ ਗਿਰਾਵਟ ਦੇ ਨਤੀਜੇ ਵਜੋਂ ਨਿੱਜੀ ਸੈਕਟਰ ਦੁਆਰਾ ਦੁੱਧ ਦੀ ਖਰੀਦ ਨਹੀਂ ਕੀਤੀ ਜਾ ਰਹੀ ਜਿਸ ਕਰ ਕੇ ਸਮੁੱਚਾ ਦਬਾਅ ਡੇਅਰੀ ਸਹਿਕਾਰਤਾ 'ਤੇ ਆ ਪਿਆ ਹੈ। ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਜਿਹੇ ਪ੍ਰਭਾਵੀ ਕਦਮ ਚੁੱਕਣ ਨਾਲ ਡੇਅਰੀ ਸਹਿਕਾਰਤਾ ਨੂੰ ਮਜ਼ਬੂਤੀ ਮਿਲੇਗੀ ਤੇ ਇਸ ਦੇ ਨਾਲ ਹੀ ਸੰਕਟ ਵਿੱਚ ਘਿਰੇ ਸੂਬੇ ਦੇ ਡੇਅਰੀ ਕਿਸਾਨਾਂ ਦੀ ਆਰਥਿਕਤਾ ਵਿੱਚ ਸੁਧਾਰ ਆਵੇਗਾ।