ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅੱਜ ਕੇਰਲ ਦੇ ਲਵ ਜੇਹਾਦ ਮਾਮਲੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਵਿਆਹ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੁੜੀ-ਮੁੰਡਾ ਕਹਿੰਦੇ ਹਨ ਕਿ ਉਨ੍ਹਾਂ ਨੇ ਵਿਆਹ ਕੀਤਾ ਹੈ ਤਾਂ ਇਹ ਕਿਸੇ ਜਾਂਚ ਦਾ ਵਿਸ਼ਾ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਜਾਂਚ ਏਜੰਸੀ ਕਿਸੇ ਦੇ ਮੈਰੀਟਲ ਸਟੇਟਸ ਦੀ ਜਾਂਚ ਨਹੀਂ ਕਰ ਸਕਦੀ। ਜੇਕਰ ਮੁੰਡਾ-ਕੁੜੀ ਕਹਿੰਦੇ ਹਨ ਕਿ ਉਨ੍ਹਾਂ ਦਾ ਵਿਆਹ ਹੋਇਆ ਹੈ ਤਾਂ ਇਸ 'ਤੇ ਜਾਂਚ ਨਹੀਂ ਹੋ ਸਕਦੀ। ਸੁਪਰੀਮ ਕੋਰਟ ਨੇ ਐਨਆਈਏ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਬਾਰੇ ਕੁਝ ਨਹੀਂ ਕਿਹਾ। ਇਸ ਤੋਂ ਲੱਗਦਾ ਹੈ ਕਿ ਐਨਆਈਏ ਇਸ ਮਾਮਲੇ ਦੀ ਜਾਂਚ ਕਰਦੀ ਰਹੇਗੀ। ਸੁਪਰੀਮ ਕੋਰਟ ਨੇ ਹਾਦੀਆ ਉਰਫ਼ ਅਖਿਲਾ ਨੂੰ ਵੀ ਮਾਮਲੇ ਵਿੱਚ ਪਾਰਟੀ ਬਣਾ ਲਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਫਰਵਰੀ ਨੂੰ ਹੋਣੀ ਹੈ। ਕੋਰਟ ਨੇ ਧਰਮ ਬਦਲ ਕੇ ਨਿਕਾਹ ਕਰਨ ਵਾਲੀ ਹਾਦੀਆ ਉਰਫ਼ ਅਖਿਲਾ ਨੂੰ ਪਿਛਲੇ ਸਾਲ ਪੜ੍ਹਾਈ ਪੂਰੀ ਕਰਨ ਲਈ ਵਾਪਸ ਕਾਲਜ ਭੇਜਿਆ ਸੀ। ਐਨਆਈਏ ਨੇ ਇਸ ਵਿਆਹ ਨੂੰ ਜੇਹਾਦੀ ਤੱਤਾਂ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਦੱਸਿਆ ਸੀ। ਕੋਰਟ ਦੇ ਹੁਕਮ ਤੋਂ ਬਾਅਦ ਐਨਆਈਏ ਇਸ ਵਿਆਹ ਤੋਂ ਇਲਾਵਾ ਕੇਰਲ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਹੋਈ ਇਸ ਤਰ੍ਹਾਂ ਦੀਆਂ ਸ਼ਾਦੀਆਂ ਦੀ ਜਾਂਚ ਕਰਵਾ ਰਿਹਾ ਹੈ।