ਨਵੀਂ ਦਿੱਲੀ: ਸਸਤਾ ਹਵਾਈ ਸਫ਼ਰ ਕਰਵਾਉਣ ਦੇ ਮਾਮਲੇ ਵਿੱਚ ਆਪਣੀ ਪਛਾਣ ਬਣਾ ਚੁੱਕੀ ਏਅਰ ਏਸ਼ੀਆ ਇੰਡੀਆ ਫਿਰ ਜ਼ਬਰਦਸਤ ਧਮਾਕੇਦਾਰ ਆਫ਼ਰ ਲੈ ਕੇ ਆਈ ਹੈ। ਕੰਪਨੀ ਨੇ ਐਤਵਾਰ ਰਾਤ ਐਲਾਨ ਕੀਤਾ ਹੈ ਕਿ ਉਹ ਭਾਰਤ ਦੇ ਸੱਤ ਵੱਡੇ ਸ਼ਹਿਰਾਂ ਵਿੱਚ ਬੇਹੱਦ ਘੱਟ ਕਿਰਾਏ 'ਤੇ ਸਫ਼ਰ ਕਰਵਾਵੇਗੀ। ਇਸ ਆਫ਼ਰ ਮੁਤਾਬਕ ਕਿਰਾਇਆ 99 ਰੁਪਏ ਜਾਂ ਇਸ ਤੋਂ ਥੋੜ੍ਹਾ ਜ਼ਿਆਦਾ ਹੋਵੇਗਾ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ 99 ਰੁਪਏ ਵਿੱਚ ਬੰਗਲੁਰੁ, ਹੈਦਰਾਬਾਦ, ਕੋਚੀ, ਕੋਲਕਾਤਾ, ਦਿੱਲੀ, ਪੁਣੇ ਤੇ ਰਾਂਚੀ ਦਾ ਸਫ਼ਰ ਕੀਤਾ ਜਾ ਸਕਦਾ ਹੈ।

ਇੰਨਾ ਹੀ ਨਹੀਂ ਕੰਪਨੀ ਵਿਦੇਸ਼ੀ ਸਫ਼ਰ ਦੇ ਵੀ ਕੁਝ ਆਫ਼ਰ ਲੈ ਕੇ ਆਈ ਹੈ। ਇੰਟਰਨੈਸ਼ਨਲ ਫਲਾਈਟ ਦੀ ਟਿਕਟ 1499 ਰੁਪਏ (ਬੇਸ ਫੇਅਰ) ਤੋਂ ਸ਼ੁਰੂ ਹੈ। ਇਸ ਵਿੱਚ ਏਸ਼ੀਆ-ਪੈਸਿਫਿਕ ਰੀਜਨ ਦੇ 10 ਮੁਲਕ ਸ਼ਾਮਲ ਹਨ। ਆਫ਼ਰ ਤਹਿਤ ਆਕਲੈਂਡ, ਬਾਲੀ, ਕੁਆਲਾਲੰਪੁਰ, ਮੈਲਬਰਨ, ਸਿੰਗਾਪੁਰ ਤੇ ਸਿਡਨੀ ਦਾ ਸਫ਼ਰ ਕੀਤਾ ਜਾ ਸਕਦਾ ਹੈ।

ਆਫ਼ਰ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ 21 ਜਨਵਰੀ ਤੱਕ ਟਿਕਟ ਬੁੱਕ ਕੀਤੇ ਜਾ ਸਕਦੇ ਹਨ। ਇਹ ਸਫ਼ਰ 15 ਜਨਵਰੀ ਤੋਂ 31 ਜੁਲਾਈ ਵਿਚਾਲੇ ਹੋਵੇਗਾ। ਏਅਰ ਏਸ਼ੀਆ ਇੰਡੀਆ ਵਿੱਚ ਟਾਟਾ ਸੰਨਜ਼ ਦੀ 51 ਫ਼ੀਸਦੀ ਹਿੱਸੇਦਾਰੀ ਹੈ। ਬਾਕੀ 49 ਫ਼ੀਸਦੀ ਏਅਰ ਏਸ਼ੀਆ ਇਨਵੈਸਟਮੈਂਟ ਲਿਮਟਿਡ ਆਫ਼ ਮਲੇਸ਼ੀਆ ਕੋਲ ਹੈ।