ਨਵੀਂ ਦਿੱਲੀ: ਪਵਨ ਹੰਸ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਛੇ ਲਾਸ਼ਾਂ ਲੱਭ ਲਈਆਂ ਹਨ। ਮੁੰਬਈ ਦੇ ਨਜ਼ਦੀਕ ਅਰਬ ਸਾਗਰ ਖੇਤਰ ਵਿੱਚ ਐਤਵਾਰ ਨੂੰ ਪਵਨ ਹੰਸ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਕਾਰਨ ਹੈਲੀਕਾਪਟਰ ਵਿੱਚ ਸਵਾਰ ਓਐਨਜੀਸੀ ਦੇ ਪੰਜ ਅਧਿਕਾਰੀਆਂ ਤੇ ਇੱਕ ਪਾਇਲਟ ਦੀ ਮੌਤ ਹੋ ਗਈ ਸੀ।
ਓਐਨਜੀਸੀ ਨੇ ਕਿਹਾ ਹੈ ਕਿ ਹੈਲੀਕਾਪਟਰ ਵਿੱਚ ਦੋ ਪਾਇਲਟ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਦੂਜੇ ਦੀ ਤਲਾਸ਼ ਜਾਰੀ ਹੈ। ਤਲਾਸ਼ੀ ਦੌਰਾਨ ਹੈਲੀਕਾਪਟਰ ਦਾ ਵਾਇਸ ਡਾਟਾ ਰਿਕਾਰਡਰ ਵੀ ਲੱਭ ਗਿਆ ਹੈ। ਓਐਨਜੀਸੀ ਦੇ ਅਧਿਕਾਰੀ ਪੀਐਨ ਸ਼੍ਰੀਨਿਵਾਸ, ਆਰ ਸ਼੍ਰਵਣਨ, ਜੋਸ ਐਂਟਨੀ, ਪੰਕਜ ਗਰਗ ਤੇ ਪਾਇਲਟ ਕੈਪਟਨ ਆਰ ਓਹਟਕਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਓਐਨਜੀਸੀ ਤੇ ਬਾਰਡਰ ਦੀ ਫੋਰਸ ਲਗਾਤਾਰ ਅਰਬ ਸਾਗਰ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾ ਰਹੀਆਂ ਹਨ। ਅਫ਼ਸਰਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕਮੇਟੀ ਜਲਦ ਬਣਾਈ ਜਾਵੇਗੀ।