ਨਵੀਂ ਦਿੱਲੀ-ਦੇਸ਼ ਭਰ ਦੀ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦ ਕੀਮਤ ਦੀ ਜ਼ਾਇਦਾਦ ਦੀ ਸਰਕਾਰ ਬੋਲੀ ਲਗਾਵੇਗੀ। ਇਹ ਬੋਲੀ ਲੱਗਣ ਵਿੱਚ 9400 ਦੁਸ਼ਮਣ ਸੰਪਤੀ ਵਿੱਚ ਆਉਂਦੀ ਹੈ। ਚੀਨ ਅਤੇ ਪਾਕਿਸਤਾਨ ਦੀ ਨਾਗਰਿਕਤਾ ਲਈ ਜਾਣ ਵਾਲੇ ਲੋਕਾਂ ਦੀ ਸੰਪਤੀ ਨੂੰ ਦੁਸ਼ਮਣ (ਐਨਮੀ) ਸੰਪਤੀ ਕਿਹਾ ਜਾਂਦਾ ਹੈ।
ਅਧਿਕਾਰੀਆਂ ਅਨੁਸਾਰ ਗ੍ਰਹਿ ਮੰਤਰਾਲੇ ਨੇ ਅਜਿਹੀਆਂ ਸਾਰੀਆਂ ਸੰਪਤੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। 49 ਸਾਲ ਪੁਰਾਣੇ ਦੁਸ਼ਮਣ ਸੰਪਤੀ ਕਾਨੂੰਨ 'ਚ ਸੋਧ ਦੇ ਬਾਅਦ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ। ਇਸ ਕਾਨੂੰਨ ਅਨੁਸਾਰ ਵੰਡ ਦੌਰਾਨ ਜਾਂ ਇਸ ਦੇ ਬਾਅਦ ਪਾਕਿਸਤਾਨ ਅਤੇ ਚੀਨ ਜਾ ਕੇ ਵਸਣ ਵਾਲੇ ਲੋਕਾਂ ਦੀਆਂ ਜਾਇਦਾਦਾਂ 'ਤੇ ਉਨ੍ਹਾਂ ਦੇ ਵਾਰਸ ਦਾ ਅਧਿਕਾਰ ਨਹੀਂ ਰਹਿੰਦਾ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ 'ਚ ਇਕ ਮੀਟਿੰਗ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ 6289 ਦੁਸ਼ਮਣ ਸੰਪਤੀਆਂ ਦਾ ਸਰਵੇ ਕਰ ਲਿਆ ਗਿਆ ਹੈ ਅਤੇ ਬਾਕੀ 2991 ਸੰਪਤੀਆਂ ਦਾ ਸਰਵੇ ਕੀਤਾ ਜਾ ਰਿਹਾ ਹੈ।
ਗ੍ਰਹਿ ਮੰਤਰੀ ਨੇ ਆਦੇਸ਼ ਦਿੱਤਾ ਕਿ ਅਜਿਹੀਆਂ ਸੰਪਤੀਆਂ, ਜਿਨ੍ਹਾਂ 'ਚ ਕੋਈ ਰਹਿੰਦਾ ਨਹੀਂ ਹੈ, ਉਨ੍ਹਾਂ ਨੂੰ ਖ਼ਾਲੀ ਕਰਾ ਲਿਆ ਜਾਵੇ ਤਾਂ ਕਿ ਜਲਦੀ ਉਨ੍ਹਾਂ ਦੀ ਬੋਲੀ ਲਗਵਾਈ ਜਾ ਸਕੇ।
ਦੁਸ਼ਮਣ ਸੰਪਤੀਆਂ ਦੀ ਅਨੁਮਾਨਤ ਕੀਮਤ 1,00,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਨੂੰ ਵੇਚਣ ਦੇ ਬਾਅਦ ਸਰਕਾਰ ਨੂੰ ਵੱਡੀ ਰਕਮ ਹਾਸਲ ਹੋਵੇਗੀ। ਰਾਜ ਸਰਕਾਰਾਂ ਵਲੋਂ ਅਜਿਹੀਆਂ ਸੰਪਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਕੀਮਤ ਦਾ ਮੁਲਾਂਕਣ ਕਰਨ ਲਈ ਨੋਡਲ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ।