ਬਰਨਾਲਾ: ਸ਼ਹਿਰ ਦੇ ਇੱਕ ਸੈਲੂਨ 'ਤੇ ਕੰਮ ਕਰਨ ਵਾਲੇ ਮੁਸਲਿਮ ਲੜਕੇ 'ਤੇ ਇੱਕ ਹਿੰਦੂ ਲੜਕੀ ਨੂੰ ਵਰਗਲ਼ਾ ਕੇ ਉੱਤਰ ਪ੍ਰਦੇਸ਼ ਲਿਜਾਣ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਹੈ। ਪੰਜਾਬ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਯੂ.ਪੀ. ਦੀ ਸੰਸਥਾ ਹਿੰਦੂ ਯੁਵਾ ਵਾਹਿਨੀ ਨੇ ਲਵ ਜੇਹਾਦ ਦਾ ਨਾਂਅ ਦਿੱਤਾ ਹੈ।
ਸੈਲੂਨ ਕਰਮਚਾਰੀ ਕਲੀਮ ਉਰਫ ਸਮੀਰ ਹਿੰਦੂ ਲੜਕੀ ਨੂੰ ਪਿਆਰ ਕਰਦਾ ਸੀ ਤੇ ਵਿਆਹ ਕਰਵਾਉਣ ਲਈ ਯੂ.ਪੀ. ਦੇ ਬਾਗ਼ਪਤ ਲੈ ਗਿਆ ਸੀ। ਉੱਥੇ ਜਦੋਂ ਹਿੰਦੂ ਯੁਵਾ ਵਾਹਿਨੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਸ ਨੂੰ ਲਵ ਜਿਹਾਦ ਕਰਾਰ ਦਿੰਦਿਆਂ ਕਲੀਮ ਦਾ ਕੁਟਾਪਾ ਕਰ ਦਿੱਤਾ ਤੇ ਪੁਲਿਸ ਹਵਾਲੇ ਕਰ ਦਿੱਤਾ।
ਇੱਧਰ ਬਰਨਾਲਾ ਵਿੱਚ ਲੜਕੀ ਦੀ ਮਾਂ ਨੇ ਕਲੀਮ ਵਿਰੁੱਧ ਸ਼ਿਕਾਇਤ ਦਿੱਤੀ ਤੇ ਕਿਹਾ ਕਿ ਉਹ ਉਸ ਦੀ ਲੜਕੀ ਨੂੰ ਬੀਤੀ 10 ਜਨਵਰੀ ਨੂੰ ਵਰਗਲਾ ਕੇ ਲੈ ਗਿਆ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਮੁਲਜ਼ਮ ਨੂੰ ਬਰਨਾਲਾ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ ਤੇ ਮੁਲਜ਼ਮ ਕਲੀਮ ਖਿਲਾਫ ਧਾਰਾ 366, 120 ਬੀ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।