ਕੁਰੁਕਸ਼ੇਤਰ: ਵਹਿਸ਼ੀਆਨਾ ਤਰੀਕੇ ਨਾਲ ਬਲਾਤਕਾਰ ਦਾ ਸ਼ਿਕਾਰ ਹੋਈ ਕੁਰੁਕਸ਼ੇਤਰ ਦੀ ਰਹਿਣ ਵਾਲੀ ਦਸਵੀਂ ਦੀ ਵਿਦਿਆਰਥਣ ਦੀ ਲਾਸ਼ ਇੱਥੇ ਪਹੁੰਚ ਗਈ ਹੈ। ਮ੍ਰਿਤਕਾ ਦੇ ਵਾਰਸਾਂ ਨੇ ਪੋਸਟਮਾਰਟਮ ਤੋਂ ਬਾਅਦ ਆਪਣੀ ਲੜਕੀ ਦੀ ਲਾਸ਼ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਪਿਆਂ ਨੇ ਸ਼ਰਤ ਰੱਖੀ ਹੈ ਕਿ ਪੁਲਿਸ ਪਹਿਲਾਂ ਹੱਤਿਆਰਿਆਂ ਨੂੰ ਗ੍ਰਿਫਤਾਰ ਕਰੇ। ਵਾਰਸਾਂ ਨੇ ਮੁਰਦਾ ਘਰ ਦੇ ਬਾਹਰ ਬੇਮਿਆਦੀ ਧਰਨਾ ਸ਼ੁਰੂ ਕਰ ਦਿੱਤਾ ਹੈ।
ਵਿਦਿਆਰਥਣ ਬੀਤੀ 9 ਜਨਵਰੀ ਨੂੰ ਘਰੋਂ ਟਿਊਸ਼ਨ ਪੜ੍ਹਨ ਗਈ ਸੀ ਤੇ ਉਸ ਨੂੰ ਅਗ਼ਵਾ ਕਰ ਲਿਆ ਸੀ। ਉਸ ਦੀ ਲਾਸ਼ ਜੀਂਦ ਦੇ ਪਿੰਡ ਬੁੱਢਾ ਖੇੜਾ ਤੋਂ ਪ੍ਰਾਪਤ ਹੋਈ। ਮਾਪਿਆਂ ਨੇ ਪੁਲਿਸ 'ਤੇ ਇਲਜ਼ਾਮ ਲਾਇਆ ਕਿ ਜੇਕਰ ਪੁਲਿਸ ਉਨ੍ਹਾਂ ਦੀ ਧੀ ਦੇ ਅਗ਼ਵਾ ਹੋਣ ਤੋਂ ਤੁਰੰਤ ਬਾਅਦ ਹਰਕਤ ਵਿੱਚ ਆ ਜਾਂਦੀ ਤਾਂ ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਕੁਰੁਕਸ਼ੇਤਰ ਦੇ ਪੁਲਿਸ ਕਪਤਾਨ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੌਰਾਨ ਮ੍ਰਿਤਕਾ ਦੇ ਸ਼ਰੀਰ ਵਿੱਚੋਂ ਪਾਣੀ ਮਿਲਿਆ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਉਸ ਦਾ ਕਤਲ ਪਾਣੀ 'ਚ ਡੁਬੋ ਕੇ ਕੀਤਾ ਹੋਵੇ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਟੀਮਾਂ ਬਣਾਈਆਂ ਹਨ ਤੇ 5 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਵਿਦਿਆਰਥਣ ਨਾਲ ਵਹਿਸ਼ੀਆਨਾ ਸਲੂਕ ਕੀਤਾ ਗਿਆ ਹੈ। ਬਲਾਤਕਾਰ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਵਿੱਚ ਕੋਈ ਤਿੱਖੀ ਚੀਜ਼ ਪਾ ਕੇ ਚੀਰ-ਫਾੜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ 9 ਦਸੰਬਰ ਨੂੰ ਹਿਸਾਰ ਦੇ ਪਿੰਡ ਉਕਲਾਨਾ ਵਿੱਚ ਇੱਕ 6 ਸਾਲ ਦੀ ਬੱਚੀ ਨਾਲ ਬਲਾਤਕਾਰ ਕਰ ਕੇ ਮਾਰ ਦਿੱਤਾ ਸੀ। ਇਸ ਬੱਚੀ ਦੇ ਗੁਪਤ ਅੰਗਾਂ ਵਿੱਚ 2 ਫੁੱਟ ਦੀ ਲੱਕੜ ਪਾ ਕੇ ਡੂੰਘੇ ਜ਼ਖ਼ਮ ਕੀਤੇ ਗਏ ਸਨ। ਇਨ੍ਹਾਂ ਘਟਨਾਵਾਂ ਨੇ 16 ਦਸੰਬਰ, 2012 ਨੂੰ ਮੈਡੀਕਲ ਦੀ ਵਿਦਿਆਰਥਣ ਨਾਲ ਹੋਏ ਬਲਾਤਕਾਰ ਤੇ ਤਸ਼ੱਦਦ ਦੇ ਜ਼ਖ਼ਮ ਮੁੜ ਉਚੇੜ ਦਿੱਤੇ ਹਨ।