ਨਵੀਂ ਦਿੱਲੀ: ਸਰਕਾਰ ਨੇ ਸਿੱਕਿਆਂ ਦੀ ਢਲਾਈ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਚਾਰਾਂ ਟਕਸਾਲਾਂ ਵਿੱਚ ਹੁਣ ਮੁੜ ਤੋਂ ਸਿੱਕਿਆਂ ਦੀ ਢਲਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਉਨ੍ਹਾਂ ਨੂੰ ਕੰਮ ਹੌਲੀ-ਹੌਲੀ ਕਰਨ ਨੂੰ ਕਿਹਾ ਹੈ। ਬੀਤੀ 9 ਜਨਵਰੀ ਨੂੰ ਸਰਕਾਰ ਨੇ ਤਿਆਰ ਸਿੱਕਿਆਂ ਦੇ ਭੰਡਾਰ ਲਈ ਜਗ੍ਹਾ ਦੀ ਕਮੀ ਕਾਰਨ ਢਲਾਈ ਰੋਕਣ ਲਈ ਕਿਹਾ ਸੀ।
ਭਾਰਤ ਦੀਆਂ ਸਿੱਕਾ ਟਕਸਾਲਾਂ 'ਚ ਕੰਮ ਸ਼ੁਰੂ-
ਟਕਸਾਲਾਂ ਨੂੰ ਇੱਕ ਸ਼ਿਫ਼ਟ ਵਿੱਚ ਕੰਮ ਕਰਨ ਦੇ ਹੁਕਮ ਦਿੱਤੇ ਹਨ। ਕੋਲਕਾਤਾ, ਮੁੰਬਈ, ਨੋਇਡਾ ਤੇ ਹੈਦਰਾਬਾਦ ਸਥਿਤ ਇਨ੍ਹਾਂ ਟਕਸਾਲਾਂ ਨੂੰ ਚਲਾਉਣ ਵਾਲੀ ਸਰਕਾਰੀ ਕੰਪਨੀ ਸਕਿਓਰਿਟੀ ਪ੍ਰਿਟਿੰਗ ਐਂਡ ਮਾਈਨਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨੇ ਕਿਹਾ ਕਿ ਆਮ ਤੌਰ 'ਤੇ ਕੰਮ ਦੋ ਸ਼ਿਫਟਾਂ ਵਿੱਚ ਹੁੰਦਾ ਹੈ, ਪਰ ਨਵੇਂ ਹੁਕਮਾਂ ਮੁਤਾਬਕ ਸਿੱਕਿਆਂ ਦੀ ਢਲਾਈ ਇੱਕ ਸ਼ਿਫਟ ਵਿੱਚ ਹੀ ਕੀਤੀ ਜਾਵੇਗੀ।
12 ਜਨਵਰੀ ਤੋਂ ਹੋ ਸਿੱਕੇ ਬਣਨੇ ਸ਼ੁਰੂ-
ਕਲਕੱਤਾ ਟਕਸਾਲ ਦੇ ਕਰਮਚਾਰੀ ਸੰਗਠਨ ਦੇ ਮੀਤ ਪ੍ਰਧਾਨ ਵਿਜ਼ਨ ਡੇ ਨੇ ਕਿਹਾ ਕਿ ਰਿਜ਼ਰਵ ਬੈਂਕ ਤੋਂ 2017-18 ਵਿੱਤੀ ਵਰ੍ਹੇ ਲਈ 771.2 ਕਰੋੜ ਸਿੱਕਿਆਂ ਦੀ ਢਲਾਈ ਦੇ ਹੁਕਮ ਸਨ ਤੇ ਇਨ੍ਹਾਂ ਵਿੱਚੋਂ 590 ਕਰੋੜ ਸਿੱਕਿਆਂ ਨੂੰ ਉਹ ਢਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਕਾਇਆ ਕੰਮ ਢਾਈ ਮਹੀਨਿਆਂ ਵਿੱਚ ਨਿੱਬੜਨ ਦੀ ਆਸ ਹੈ।