ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 335 ਦੌੜਾਂ 'ਤੇ ਆਲਆਊਟ ਕਰ ਦਿੱਤਾ। ਭਾਰਤ ਦੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵੱਲੋਂ ਕ੍ਰਮਵਾਰ 4 ਤੇ 3 ਵਿਕਟਾਂ ਝਟਕਾਈਆਂ।


ਭਾਰਤ ਨੇ ਪਹਿਲੀ ਪਾਰੀ ਦੀ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਮੁਰਲੀ ਵਿਜੇ ਤੇ ਲੋਕੇਸ਼ ਰਾਹੁਲ ਕ੍ਰੀਜ਼ ਉੱਪਰ ਡਟੇ ਹੋਏ ਹਨ ਤੇ ਭਾਰਤ ਦੀਆਂ ਬਿਨਾ ਕਿਸੇ ਨੁਕਸਾਨ 'ਤੇ 4 ਦੌੜਾਂ ਹੋ ਗਈਆਂ ਹਨ। ਪਹਿਲੀ ਪਾਰੀ ਵਿੱਚ ਦੱਖਣੀ ਅਫਰੀਕਾ ਦੇ ਕਿਸੇ ਬੱਲੇਬਾਜ਼ ਨੇ ਸੈਂਕੜਾ ਤਾਂ ਨਹੀਂ ਬਣਾਇਆ ਪਰ ਤਿੰਨ ਖਿਡਾਰੀਆਂ ਦੇ ਅਰਧ ਸੈਂਕੜਿਆਂ ਨਾਲ ਟੀਮ ਨੇ ਚੰਗਾ ਸਕੋਰ ਖੜ੍ਹਾ ਕਰ ਲਿਆ।



ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਕੋਈ ਵਿਕਟ ਲੈਣ ਵਿੱਚ ਕਾਮਯਾਬ ਤਾਂ ਨਹੀਂ ਹੋਏ ਪਰ ਕੱਸਵੀਂ ਗੇਂਦਬਾਜ਼ੀ ਕਰਦਿਆਂ ਅਫਰੀਕੀ ਟੀਮ ਦੇ ਸਕੋਰ 'ਤੇ ਲਗਾਮ ਜ਼ਰੂਰ ਲਾਈ। ਮੁਹੰਮਦ ਸ਼ਮੀ ਨੇ 58 ਦੌੜਾਂ ਦੇ ਕੇ ਇੱਕ ਵਿਕਟ ਲਈ। ਇਸ਼ਾਂਤ ਸ਼ਰਮਾ ਭਾਰਤ ਦੇ ਸਭ ਤੋਂ ਕਿਫਾਇਤੀ ਗੇਂਦਬਾਜ਼ ਸਾਬਤ ਹੋਏ ਜਿਸ ਨੇ 22 ਓਵਰਾਂ ਵਿੱਚ 46 ਦੌੜਾਂ ਦੇ ਕੇ 3 ਖਿਡਾਰੀ ਆਊਟ ਕੀਤੇ। ਹੁਣ ਇੰਤਜ਼ਾਰ ਹੈ ਕੇ ਭਾਰਤੀ ਖਿਡਾਰੀ ਬੱਲੇ ਨਾਲ ਆਪਣਾ ਕਮਾਲ ਦਿਖਾਉਣ।