ਟੋਕੀਓ- ਜਾਪਾਨ ਦੇ ਨਿਗਾਤਾ ਵਿਖੇ ਬੀਤੀ ਦੇਰ ਰਾਤ ਏਨੀ ਜ਼ਿਆਦਾ ਬਰਫ਼ਬਾਰੀ ਹੋਈ ਕਿ ਇਕ ਰੇਲ ਗੱਡੀ ਇਸ ਵਿਚ ਫਸ ਗਈ ਜਿਸ ਕਾਰਨ 430 ਯਾਤਰੀ ਰਾਤ ਭਰ ਇਸ ਰੇਲ 'ਚ ਹੀ ਫਸੇ ਰਹੇ।
ਬਰਫ਼ਬਾਰੀ ਦਾ ਨਜ਼ਾਰਾ ਕੁਝ ਅਜਿਹਾ ਸੀ ਕਿ ਜਾਪਾਨੀ ਸਮੁੰਦਰੀ ਤੱਟ ਦਾ ਜ਼ਿਆਦਾਤਰ ਹਿੱਸਾ ਬਰਫ਼ ਦੀ ਚਾਦਰ ਨਾਲ ਢਕਿਆ ਹੋਇਆ ਸੀ। ਰੇਲਵੇ ਦੇ ਇਕ ਅਧਿਕਾਰੀ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ।
ਜੇ. ਆਰ. ਈਸਟ ਰੇਲਵੇ ਕੰਪਨੀ ਦੀ ਨਿਗਾਤਾ ਸ਼ਾਖ਼ਾ ਦੇ ਬੁਲਾਰੇ ਸ਼ਿਨਿਚੀ ਸੇਕੀ ਨੇ ਦੱਸਿਆ ਕਿ ਕਰੀਬ 15 ਘੰਟੇ ਇਸ ਰੇਲ ਨੂੰ ਰੋਕ ਕੇ ਰੱਖਣਾ ਪਿਆ ਤੇ ਫਿਰ ਬਰਫ਼ ਹਟਾ ਕੇ ਇਸ ਨੂੰ ਰਵਾਨਾ ਕੀਤਾ। ਜਿਵੇਂ ਹੀ ਰੇਲ ਸੇਵਾ ਸ਼ੁਰੂ ਹੋਈ ਬਚਾਅ ਦਲ ਨੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਬਚਾਅ ਦਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜ ਯਾਤਰੀਆਂ ਜਿਨ੍ਹਾਂ 'ਚ ਇਕ ਪੁਰਸ਼ ਤੇ ਚਾਰ ਲੜਕੀਆਂ ਹਨ, ਦੀ ਹਾਲਤ ਗੰਭੀਰ ਪਾਈ ਗਈ ਹੈ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਅੱਧੇ ਤੋਂ ਜ਼ਿਆਦਾ ਯਾਤਰੀਆਂ ਦੇ ਪਰਿਵਾਰਕ ਮੈਂਬਰ ਰੇਲ ਠੀਕ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਲੈ ਗਏ ਸਨ।