ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ): ਕੈਨੇਡਾ ਵਿੱਚ ਪਤੀ ਨੇ ਪਿੰਡ ਛੋਕਰਾਂ ਨਾਲ ਸਬੰਧ ਰੱਖਣ ਵਾਲੀ ਪਤਨੀ ਤੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਹੈ। ਪਿੰਡ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ, ਉਨ੍ਹਾਂ ਦੀ ਪਤਨੀ ਅਵਤਾਰ ਕੌਰ, ਧੀ ਬਲਜੀਤ ਕੌਰ ਤੇ ਜਵਾਈ ਦਲਵਿੰਦਰ ਸਿੰਘ ਕੈਨੇਡਾ ਦੇ ਬਰੈਂਪਟਨ ਵਿੱਚ ਇੱਕੋ ਘਰ ਵਿੱਚ ਰਹਿੰਦੇ ਸਨ। ਕਤਲ ਤੋਂ ਬਾਅਦ ਦਲਵਿੰਦਰ ਨੇ ਪੁਲਿਸ ਨੂੰ ਆਪ ਹੀ ਫ਼ੋਨ ਕਰ ਕੇ ਸੂਚਿਤ ਕੀਤਾ। ਉਸ ਨੇ ਇਹ ਕਤਲ ਕਿਉਂ ਕੀਤੇ ਇਸ ਗੱਲ ਦਾ ਖੁਲਾਸਾ ਹਾਲੇ ਨਹੀਂ ਹੋਇਆ ਹੈ।
ਵਾਰਦਾਤ ਸਮੇਂ ਕੁਲਦੀਪ ਸਿੰਘ ਘਰ ਨਹੀਂ ਸੀ ਤੇ ਉਨ੍ਹਾਂ ਨੂੰ ਗੁਆਂਢੀਆਂ ਨੇ ਫ਼ੋਨ 'ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ਪੁਲਿਸ ਆਈ ਹੈ। ਜਦੋਂ ਘਰ ਵਾਪਸ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਹੀ ਉੱਡ ਗਏ। ਸਰਪੰਚ ਕੁਲਦੀਪ ਦੀ ਧੀ ਬਲਜੀਤ 2007 ਵਿੱਚ ਆਪਣੀ ਮਾਮੀ ਕੋਲ਼ ਕੈਨੇਡਾ ਚਲੀ ਗਈ ਸੀ। ਤਕਰੀਬਨ ਦੋ ਸਾਲ ਪਹਿਲਾਂ ਉਸ ਦਾ ਵਿਆਹ ਜਲੰਧਰ ਦੇ ਪਿੰਡ ਸਮਰਾਵਾਂ ਨਾਲ ਸਬੰਧ ਰੱਖਣ ਵਾਲੇ ਦਲਵਿੰਦਰ ਸਿੰਘ ਨਾਲ ਹੋ ਗਿਆ ਸੀ। ਇਨ੍ਹਾਂ ਦੋਵਾਂ ਦਾ ਅੱਠ ਮਹੀਨਿਆਂ ਦਾ ਮੁੰਡਾ ਵੀ ਹੈ।
ਇੱਧਰ ਛੋਕਰਾਂ ਪਿੰਡ 'ਚ ਸਰਪੰਚ ਦੇ ਘਰ ਦੋਹਤੇ ਦੀ ਪਹਿਲੀ ਲੋਹੜੀ ਦੀਆਂ ਤਿਆਰੀਆਂ ਹੋ ਰਹੀਆਂ ਸਨ, ਪਰ ਪਿਤਾ ਵੱਲੋਂ ਦਿੱਤੀ ਇਸ ਖ਼ਬਰ ਨਾਲ ਘਰ ਵਿੱਚ ਮਾਤਮ ਪਸਰ ਗਿਆ। ਕੁਲਦੀਪ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਤੇ ਰਿਸ਼ਤੇਦਾਰ ਜੋਗਾ ਸਿੰਘ ਨੇ ਦੱਸਿਆ ਕਿ ਦੋ ਕੁ ਦਿਨ ਪਹਿਲਾਂ ਹੀ ਉਨ੍ਹਾਂ ਦੀ ਮੁਲਜ਼ਮ ਦਲਵਿੰਦਰ ਸਮੇਤ ਸਾਰੇ ਪਰਿਵਾਰ ਨਾਲ ਫ਼ੋਨ 'ਤੇ ਗੱਲ ਹੋਈ ਸੀ।
ਇਸ ਦੌਰਾਨ ਉਨ੍ਹਾਂ ਨੂੰ ਹਾਲਾਤ ਠੀਕ ਨਾ ਹੋਣ ਬਾਰੇ ਕੁਝ ਵੀ ਮਹਿਸੂਸ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚ ਪਹਿਲਾਂ ਕੋਈ ਵੀ ਝਗੜਾ ਨਹੀਂ ਹੋਇਆ। ਇਸ ਖ਼ਬਰ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ਪੁਲਿਸ ਨੇ 33 ਸਾਲਾ ਪਤਨੀ ਬਲਜੀਤ ਕੌਰ ਤੇ 60 ਸਾਲਾ ਸੱਸ ਅਵਤਾਰ ਕੌਰ ਦੇ ਕਤਲ ਦੇ ਇਲਜ਼ਾਮ ਹੇਠ ਦਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦਲਵਿੰਦਰ ਦੇ ਬੱਚੇ ਨੂੰ ਵੀ ਆਪਣੀ ਕਸਟਡੀ ਵਿੱਚ ਰੱਖਿਆ ਹੈ।