ਨਵੀਂ ਦਿੱਲੀ: ਪ੍ਰੋਟੋਕੋਲ ਤੋੜਨ 'ਚ ਮਾਹਰ ਹੋ ਚੁੱਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਇੱਕ ਵਾਰ ਫਿਰ ਤੋਂ ਉਲੰਘਣਾ ਕਰਕੇ ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਦੇ ਸਵਾਗਤ ਲਈ ਦਿੱਲੀ ਏਅਰਪੋਰਟ ਪਹੁੰਚੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਆਪਣੇ ਛੇ ਦਿਨਾਂ ਦੇ ਦੌਰੇ ਲਈ ਭਾਰਤ ਆਏ ਹੋਏ ਹਨ। ਨੇਤਨਯਾਹੂ ਬਾਅਦ ਦੁਪਹਿਰ ਮੋਦੀ ਨਾਲ ਤਿੰਨ ਮੂਰਤੀ ਹਾਈਫਾ ਚੌਕ ਪਹੁੰਚੇ ਤੇ ਇਜ਼ਰਾਈਲ ਵਿੱਚ ਪਹਿਲੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ 44 ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਹਵਾਈ ਅੱਡੇ 'ਤੇ ਸਵਾਗਤ ਕਰ ਕੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ।
ਕਿਉਂ ਖ਼ਾਸ ਹੈ ਨੇਤਨਯਾਹੂ ਦਾ ਭਾਰਤ ਦੌਰਾ-
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਕਈ ਕਾਰਨਾਂ ਕਰਕੇ ਖ਼ਾਸ ਹੈ। ਇਸ ਦੌਰੇ ਦਾ ਸਭ ਤੋਂ ਪਹਿਲਾ ਮਕਸਦ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਦੇਣਾ ਹੈ। ਨੇਤਨਯਾਹੂ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ-ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਦੂਜੇ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਇਨ੍ਹਾਂ ਖੇਤਰਾਂ 'ਚ ਹੋਣਗੇ ਸਮਝੌਤੇ-
ਨੇਤਨਯਾਹੂ ਦੇ ਦੌਰੇ ਮੌਕੇ ਇਜ਼ਰਾਈਲ ਤੇ ਭਾਰਤ ਦਰਮਿਆਨ ਕਈ ਖੇਤਰਾਂ ਵਿੱਚ ਸਮਝੌਤੇ ਕੀਤੇ ਜਾਣਗੇ। ਇਨ੍ਹਾਂ ਵਿੱਚ ਸੁਰੱਖਿਆ, ਆਰਥਿਕ, ਵਪਾਰ ਤੇ ਸੈਰ-ਸਪਾਟਾ ਆਦਿ ਪ੍ਰਮੁੱਖ ਹਨ।
ਇੱਥੇ-ਇੱਥੇ ਜਾਣਗੇ ਇਜ਼ਰਾਈਲੀ PM-
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਪ੍ਰੋਗਰਾਮ ਦਿੱਲੀ ਤੋਂ ਇਲਾਵਾ, ਆਗਰਾ, ਅਹਿਮਦਾਬਾਦ ਤੇ ਮੁੰਬਈ ਜਾਣ ਦਾ ਹੈ। ਪ੍ਰਧਾਨ ਮੰਤਰੀ ਮੋਦੀ ਖ਼ੁਦ ਕਈ ਥਾਵਾਂ 'ਤੇ ਉਨ੍ਹਾਂ ਦੇ ਨਾਲ ਜਾਣਗੇ।