ਨਵੀਂ ਦਿੱਲੀ: ਏਅਰ ਇੰਡੀਆ ਦੇ ਜਹਾਜ਼ ਦੀ ਟਾਇਰ ਫੱਟਣ ਕਾਰਨ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਵਿੱਚ ਚਾਲਕ ਦਲ ਸਮੇਤ 108 ਯਾਤਰੀ ਸਨ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸ਼ਾਮੀ ਏਅਰ ਇੰਡੀਆ ਦੀ ਫਲਾਈਟ ਨੇ ਉਦੇਪੁਰ ਤੋਂ ਸ਼ਾਮੀਂ 7.20 ਉੱਤੇ ਉਡਾਣ ਭਰੀ। ਇਸ ਤੋਂ ਕੁਝ ਦੇਰ ਬਾਅਦ ਜ਼ੋਰਦਾਰ ਧਮਕੇ ਦੀ ਆਵਾਜ਼ ਸੁਣਾਈ ਦਿੱਤੀ।

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਉਦੇਪੁਰ ਵਿੱਚ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਜਹਾਜ਼ ਦਾ ਫਟਿਆ ਹੋਇਆ ਟਾਇਰ ਜਿਵੇਂ ਹੀ ਵੇਖਿਆ ਤਾਂ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਏਅਰ ਟਰੈਫ਼ਿਕ ਕੰਟਰੋਲ ਨੂੰ ਦਿੱਤੀ।

ਇਸ ਤੋਂ ਬਾਅਦ ਪਾਈਲਟ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦਿੱਲੀ ਵਿੱਚ ਕਰਵਾਈ ਗਈ। ਏਅਰ ਇੰਡੀਆ ਦੇ ਬੁਲਾਰੇ ਅਨੁਸਾਰ ਚਾਲਕ ਦਲ ਤੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।