ਨਵੀਂ ਦਿੱਲੀ : ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇ ਕਾਰਨ ਪਿਛਲੇ 24 ਘੰਟਿਆਂ ਵਿੱਚ ਭਾਰਤ ਨੇ ਆਪਣੇ ਦੂਜੇ ਜਵਾਨ ਨੂੰ ਖੋਹ ਦਿੱਤਾ ਹੈ।ਬੀਐਸਐਫ ਦਾ ਸ਼ਹੀਦ ਜਵਾਨ ਸੁਸ਼ੀਲ ਕੁਮਾਰ ਹਰਿਆਣਾ ਦੇ ਕੁਰਕਸ਼ੇਤਰ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਇੱਕ ਜਵਾਨ ਜ਼ਖਮੀ ਵੀ ਹੋਇਆ ਹੈ।
ਆਰ ਐਸ ਪੁਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਬੀਤੀ ਰਾਤ ਭਾਰੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਦੋ ਸਥਾਨਕ ਨਾਗਰਿਕ ਵੀ ਜ਼ਖਮੀ ਹੋਏ ਹਨ। ਪਾਕਿਸਤਾਨ ਦੀ ਇਸ ਹਰਕਤ ਕਾਰਨ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਚਾਰ ਦਿਨ ਪਹਿਲਾਂ ਪਾਕਿਸਤਾਨ ਦੀ ਫਾਇਰਿੰਗ ਵਿੱਚ ਭਾਰਤੀ ਜਵਾਨ ਗੁਰਨਾਮ ਸਿੰਘ ਜ਼ਖਮੀ ਹੋਇਆ ਸੀ ਜਿਸ ਦੀ ਐਤਵਾਰ ਨੂੰ ਮੌਤ ਹੋ ਗਈ।
ਪਾਕਿਸਤਾਨ ਨੇ ਬੀਤੀ ਰਾਤ ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਈ ਸੈਕਟਰਾਂ ਵਿੱਚ 25 ਤੋਂ ਜ਼ਿਆਦਾ ਚੌਂਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਅਤੇ ਗੋਲੇ ਦਾਗੇ। ਪਾਕਿਸਤਾਨ ਦੀ ਇਸ ਹਰਕਤ ਦਾ ਭਾਰਤੀ ਜਵਾਨ ਵੀ ਮੂੰਹ ਤੋੜ ਜਵਾਬ ਦੇ ਰਹੇ ਹਨ। ਸਰਜੀਕਲ ਸਟ੍ਰਾਈਕ ਤੋਂ ਬੁਰੀ ਤਰ੍ਹਾਂ ਬੁਖਾਲਿਆ ਪਾਕਿਸਤਾਨ ਪਿਛਲੇ ਕਈ ਦਿਨਾਂ ਤੋਂ ਭਾਰਤ ਵਾਲੇ ਪਾਸੇ ਫਾਇਰਿੰਗ ਕਰ ਰਿਹਾ ਹੈ।