ਏਅਰ ਇੰਡੀਆ ਬਣੀ ਮੋਦੀ ਸਰਕਾਰ ਲਈ 'ਨਾਸੂਰ', ਨਹੀਂ ਮਿਲ ਰਿਹਾ ਕੋਈ ਖ਼ਰੀਦਦਾਰ
ਏਬੀਪੀ ਸਾਂਝਾ | 02 Jun 2018 02:46 PM (IST)
ਨਵੀਂ ਦਿੱਲੀ: ਸਰਕਾਰ ਨੂੰ ਜਨਤਕ ਖੇਤਰ ਦੀ ਏਅਰਲਾਈਨ ਏਅਰ ਇੰਡੀਆ ਵਿੱਚ ਪੈਸਾ ਲਾਉਣ ਲਈ ਕੋਈ ਬੋਲੀਕਾਰ ਨਹੀਂ ਲੱਭਿਆ। ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਦੀ ਹਿੱਸੇਦਾਰੀ ਖਰੀਦਣ ਲਈ ਬੋਲੀ ਲਾਉਣ ਦੀ ਅੱਜ ਆਖਰੀ ਤਾਰੀਖ ਸੀ। ਮੰਤਰਾਲੇ ਮੁਤਾਬਕ- ਲੈਣ-ਦੇਣ ਸਲਾਹਕਾਰ ਨੇ ਦੱਸਿਆ ਹੈ ਕਿ ਇਸ ਬਾਰੇ ਕਿਸੇ ਨੇ ਅਪ੍ਰੋਚ ਨਹੀਂ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ 'ਤੇ ਅੱਗੇ ਦੀ ਕਾਰਵਾਈ ਚੰਗੇ ਤਰੀਕੇ ਨਾਲ ਤੈਅ ਕੀਤੀ ਜਾਵੇਗੀ। ਸਰਕਾਰ ਨੇ ਏਅਰ ਇੰਡੀਆ ਵਿੱਚ 76 ਫ਼ੀ ਸਦੀ ਸ਼ੇਅਰ ਵੇਚਣ ਦੀ ਗੱਲ ਆਖੀ ਹੈ। ਇਸ ਮੁਤਾਬਿਕ ਏਅਰ ਇੰਡੀਆ ਨੂੰ ਚਲਾਉਣ ਦੀ ਜ਼ੁੰਮੇਵਾਰੀ ਵੀ ਨਿੱਜੀ ਕੰਪਨੀ ਨੂੰ ਦਿੱਤੀ ਜਾਵੇਗੀ। ਇਸ ਸੌਦੇ ਮੁਤਾਬਿਕ ਏਅਰ ਇੰਡੀਆ ਦੀ ਲੋਕ ਕੋਸਟ ਯੂਨਿਟ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਇੰਡੀਆ ਐਸਏਟੀਐਸ ਏਅਰਪੋਰਟ ਸਰਵਿਸ ਪ੍ਰਾਈਵੇਟ ਲਿਮਿਟਿਡ ਦੀ ਵਿਕਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸੇ ਮਹੀਨੇ ਸਰਕਾਰ ਨੇ ਈਓਆਈ ਜਮ੍ਹਾ ਕਰਨ ਦੀ ਤਰੀਕ ਵਧਾ ਕੇ 31 ਮਈ ਕੀਤੀ ਸੀ। ਸਰਕਾਰ ਏਅਰ ਲਾਇਨ ਵਿੱਚ 24 ਫ਼ੀਸਦੀ ਹਿੱਸੇਦਾਰੀ ਆਪਣੇ ਕੋਲ ਰੱਖੇਗੀ। 28 ਮਾਰਚ ਨੂੰ ਜਾਰੀ ਲੈਟਰ ਮੁਤਾਬਿਕ ਬੋਲੀ ਜਿੱਤਣ ਵਾਲੀ ਕੰਪਨੀ ਨੂੰ ਘੱਟੋ-ਘੱਟ ਤਿੰਨ ਸਾਲ ਤੱਕ ਏਅਰ ਲਾਇਨ ਵਿੱਚ ਕੰਮ ਕਰਨ ਹੋਵੇਗਾ। ਮਾਰਚ 2017 ਦੇ ਅਖੀਰ ਤਕ ਏਅਰ ਲਾਇਨ 'ਤੇ ਕੁੱਲ 48,000 ਕਰੋੜ ਰੁਪਏ ਦਾ ਕਰਜ਼ਾ ਸੀ।