ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਉਡਾਣ ਕੰਪਨੀ ਏਅਰ ਇੰਡੀਆ ਦਾ ਜਹਾਜ਼ ਅਗ਼ਵਾ ਕਰ ਪਾਕਿਸਤਾਨ ਲਿਜਾਣ ਦੀ ਧਮਕੀ ਮਿਲੀ ਹੈ। ਇਸ ਮਗਰੋਂ ਚੌਕਸੀ ਲਈ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਦੇ ਮੁੰਬਈ ਕੰਟਰੋਲ ਕੇਂਦਰ ਨੂੰ ਸ਼ਨੀਵਾਰ ਫ਼ੋਨ ’ਤੇ ਉਸ ਦਾ ਜਹਾਜ਼ ਅਗਵਾ ਕਰਨ ਦੀ ਧਮਕੀ ਦਿੱਤੀ ਗਈ।
ਇੱਕ ਅਧਿਕਾਰਤ ਨੋਟ ਅਨੁਸਾਰ ਸਿਵਲ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ) ਨੇ ਸਾਰੀਆਂ ਏਅਰਲਾਈਨਜ਼ ਅਤੇ ਸੀਆਈਐੱਸਐੱਫ ਨੂੰ ਸੁਰੱਖਿਆ ਮੁਹੱਈਆ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਬਿਊਰੋ ਦੇ ਨੋਟ ’ਚ ਕਿਹਾ ਗਿਆ ਹੈ, ‘ਸਟੇਸ਼ਨ ਡਿਊਟੀ ਦਫ਼ਤਰ, ਏਆਈ (ਏਅਰ ਇੰਡੀਆ), ਏਓਸੀਸੀ (ਏਅਰਪੋਰਟ ਆਪਰੇਸ਼ਨ ਕੰਟਰੋਲ ਸੈਂਟਰ) ਮੁੰਬਈ ਤੋਂ ਟੈਲੀਫੋਨ ’ਤੇ ਇੱਕ ਸੁਨੇਹਾ ਮਿਲਿਆ ਹੈ, ਜਿਸ ’ਚ ਉਸ ਨੂੰ 23 ਫਰਵਰੀ 2019 ਨੂੰ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲਿਜਾਣ ਦੀ ਧਮਕੀ ਬਾਰੇ ਸੂਚਨਾ ਦਿੱਤੀ ਗਈ ਹੈ।’
ਬੀਤੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਫਿਦਾਈਨ ਹਮਲੇ 'ਚ 40 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਅਜਿਹੀ ਧਮਕੀ ਮਿਲਣ ਕਾਰਨ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਬਿਊਰੋ ਦੇ ਨੋਟ ’ਚ ਕਿਹਾ ਗਿਆ ਹੈ ਕਿ ਇਸ ਸੂਚਨਾ ਦੇ ਮੱਦੇਨਜ਼ਰ ਏਪੀਐੱਸਯੂ (ਹਵਾਈ ਅੱਡਾ ਸੁਰੱਖਿਆ ਇਕਾਈ), ਏਐੱਸਜੀ (ਜਹਾਜ਼ ਸੁਰੱਖਿਆ ਸਮੂਹ) ਤੇ ਸਾਰੇ ਜਹਾਜ਼ ਆਪਰੇਟਰ ਸੁਰੱਖਿਅਤ ਤਹਿਤ ਕਦਮ ਚੁੱਕਣ। ਫੋਨ 'ਤੇ ਧਮਕੀ ਦੇਣ ਵਾਲੇ ਦਾ ਪਤਾ ਲਾਉਣ ਦੀ ਕੋਸ਼ਿਸ਼ ਜਾਰੀ ਹੈ।