ਨਵੀਂ ਦਿੱਲੀ: ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਅੱਜ ਨਵੇਂ ਹਵਾਈ ਸੈਨਾ ਚੀਫ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਏਅਰ ਚੀਫ ਮਾਰਸ਼ਲ ਬੀਐਸ ਧਨੌਆ ਦੀ ਥਾਂ ਲਈ ਹੈ। ਭਦੌਰੀਆ ਨੇ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਦੇ ਹੋਏ ਭਦੌਰੀਆ ਨੇ ਪਾਕਿ ਨੂੰ ਵੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਨਾਲ ਭਾਰਤ, ਚੀਨ ਤੇ ਪਾਕਿਸਤਾਨ ‘ਤੇ ਭਾਰੀ ਪਵੇਗਾ।

ਆਰਕੇਐਸ ਭਦੌਰੀਆ ਰਾਫੇਲ ਜਹਾਜ਼ ਖਰੀਦ ਟੀਮ ਦੇ ਚੇਅਰਮੈਨ ਰਹਿ ਚੁੱਕੇ ਹਨ। ਉਹ ਉਨ੍ਹਾਂ ਚੋਣਵੇਂ ਪਾਈਲਟਾਂ ਵਿੱਚੋਂ ਹਨ ਜਿਨ੍ਹਾਂ ਨੇ ਰਾਫੇਲ ਉਡਾਇਆ ਵੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਵਿੱਖ ‘ਚ ਬਾਲਾਕੋਟ ਏਅਰ ਸਟ੍ਰਾਈਕ ਮੁਮਕਿਨ ਹੈ? ਉਨ੍ਹਾਂ ਕਿਹਾ, “ਅਸੀਂ ਉਦੋਂ ਵੀ ਤਿਆਰ ਸੀ ਤੇ ਹੁਣ ਵੀ ਤਿਆਰ ਹਾਂ। ਕਿਸੇ ਤਰ੍ਹਾਂ ਦੀ ਚੁਣੌਤੀ ਤੇ ਖ਼ਤਰੇ ਨਾਲ ਨਜਿੱਠਣ ਲਈ ਅਸੀਂ ਤਿਆਰ ਹਾਂ।”




ਏਅਰ ਚੀਫ ਮਾਰਸ਼ਲ ਭਦੌਰੀਆ ਨੂੰ ਜੂਨ 1980 ‘ਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਵਿੰਗ ‘ਚ ਸ਼ਾਮਲ ਕੀਤਾ ਗਿਆ ਸੀ। ਉਹ ਇਸ ਤੋਂ ਪਹਿਲਾਂ ਕਈ ਅਹੁਦੇ ਸੰਭਾਲ ਚੁੱਕੇ ਹਨ। ਉਨ੍ਹਾਂ ਨੇ ਜੀਪੀਐਸ ਦਾ ਇਸਤੇਮਾਲ ਕਰ ਜੈਗੂਆਰ ਜਹਾਜ਼ ਨਾਲ ਬੰਬਾਰੀ ਕਰਨ ਦਾ ਤਰੀਕਾ ਇਜਾਦ ਕੀਤਾ ਸੀ। ਭਦੌਰੀਆ ਨੂੰ 26 ਤਰ੍ਹਾਂ ਦੇ ਲੜਾਕੂ ਜਹਾਜ਼ਾਂ ਤੇ ਆਵਾਜਾਈ ਉਡਾਣਾਂ ਨੂੰ 4250 ਘੰਟੇ ਤਕ ਉਡਾੳਣ ਦਾ ਤਜ਼ਰਬਾ ਹੈ।