ਨਵੀਂ ਦਿੱਲੀ: ਦੇਸ਼ ਦੀ ਕੌਮੀ ਰਾਜਧਾਨੀ ਦੀ ਆਬੋ-ਹਵਾ ਇੱਕ ਵਾਰ ਫਿਰ ਖ਼ਰਾਬ ਹੋ ਗਈ ਹੈ। ਐਤਵਾਰ ਨੂੰ ਹਵਾ ਦੀ ਗੁਣਵੱਤਾ 381 ਦਰਜ ਕੀਤੀ ਗਈ ਜੋ ਬੇਹੱਦ ਖ਼ਰਾਬ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਦੇ ਨਾਲ ਹੀ ਪੂਰੀ ਦਿੱਲੀ ਦੇ ਅਸਮਾਨ ਵਿੱਚ ਮੋਟੀ ਧੁੰਦ ਦੀ ਚਾਦਰ ਛਾਈ ਰਹੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਆਂਢੀ ਸੂਬਿਆਂ ਨੂੰ ਇਸ ਹਾਲਤ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਵਧਦੇ ਹੋਏ ਪ੍ਰਦੂਸ਼ਣ ਕਾਰਨ ਦਿੱਲੀ ਦੇ ਲੋਕਾਂ ਤੇ ਖ਼ਾਸ ਕਰ ਕੇ ਮਰੀਜ਼ਾਂ ਵੱਧ ਪ੍ਰਦੂਸ਼ਣ ਵਾਲੇ ਇਲਾਕਿਆਂ ਵੱਲ ਜਾਣ ਤੋਂ ਮਨ੍ਹਾ ਕੀਤਾ ਹੈ। ਇਸ ਦੇ ਨਾਲ ਹੀ ਬੋਰਡ ਨੇ ਲੋਕਾਂ ਨੂੰ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਢੋਅ ਕੇ ਰੱਖਣ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।


ਕੇਜਰੀਵਾਲ ਨੇ ਕਿਹਾ ਹੈ ਕਿ ਹਰ ਸਾਲ ਦਿੱਲੀ ਨੂੰ ਹਰਿਆਣਾ ਤੇ ਕੇਂਦਰ ਦੀ ਬੀਜੇਪੀ ਤੇ ਪੰਜਾਬ ਦੀ ਕਾਂਗਰਸ ਸਰਕਾਰਾਂ ਕਾਰਨ ਗਲ਼ ਘੋਟੂ ਪ੍ਰਦੂਸ਼ਣ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਗੁਆਂਢੀ ਸੂਬੇ ਕੁਝ ਕਰਨ ਲਈ ਤਿਆਰ ਨਹੀਂ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉੱਥੋਂ ਦੇ ਕਿਸਾਨ ਵੀ ਆਪਣੀਆਂ ਸਰਕਾਰਾਂ ਤੋਂ ਪ੍ਰੇਸ਼ਾਨ ਹਨ। ਸੀਪੀਸੀਬੀ ਨੇ ਦੀਵਾਲੀ ਤਕ ਦਿੱਲੀ ਦੀ ਆਬੋ-ਹਵਾ ਹੋਰ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਜਤਾਇਆ ਹੈ।