ਨਵੀਂ ਦਿੱਲੀ: ਰਿਲਾਇੰਸ ਦੇ ਜੀਓ ਦੇ ਲਾਂਚ ਹੋਣ ਦੇ ਨਾਲ ਹੀ ਟੈਲੀਕਾਮ ਕੰਪਨੀਆਂ ਵਿੱਚ ਅਫੜਾ-ਤਫੜੀ ਮੱਚੀ ਹੋਈ ਹੈ। ਟੈਲੀਕਾਮ ਕੰਪਨੀਆਂ ਨੂੰ ਸਭ ਤੋਂ ਵੱਧ ਜੀਓ ਵੱਲੋਂ ਦਿੱਤੀ ਗਈ ਮੁਫ਼ਤ ਕਾਲ ਦੀ ਸੁਵਿਧਾ ਤੋਂ ਹੈ। ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਟਰਾਈ ਅਪੀਲ ਕੀਤੀ ਹੈ ਕਿ ਜੀਓ ਦੀ ਮੁਫ਼ਤ ਕਾਲ ਦੀ ਸੁਨਾਮੀ ਨਾਲ ਦੂਜੀਆਂ ਕੰਪਨੀਆਂ ਉੱਤੇ ਜ਼ਿਆਦਾ ਪ੍ਰਭਾਵ ਨਾ ਪਵੇ।
ਏਅਰਟੈੱਲ, ਵੋਡਾਫੋਨ, ਆਡੀਆ ਤੇ ਰਿਲਾਇੰਸ ਜੀਓ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਟਰਾਈ ਦੇ ਨਾਲ ਬੈਠਕ ਕੀਤੀ। ਇਸ ਬੈਠਕ ਦਾ ਮੁੱਦਾ ਜੀਓ ਤੇ ਬਾਕੀ ਟੈਲੀਕਾਮ ਅਪਰੇਟਰਾਂ ਦੇ ਵਿਚਕਾਰ ਇੰਟਰ ਕਨੈੱਕਟ ਪੁਆਇੰਟ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੁਲਝਾਉਣ ਸੀ। ਜੀਓ ਦਾ ਦੋਸ਼ ਹੈ ਕਿ ਬਾਕੀ ਟੈਲੀਕਾਮ ਕੰਪਨੀਆਂ ਉਨ੍ਹਾਂ ਨੂੰ ਪ੍ਰਾਪਤ ਸੰਖਿਆ ਵਿੱਚ ਇੰਟਰ ਕਨੈੱਕਟ ਪੁਆਇੰਟ ਨਹੀਂ ਦੇ ਰਹੀਆਂ ਜਿਸ ਦੇ ਕਾਰਨ ਗ੍ਰਾਹਕਾਂ ਨੂੰ ਭਾਰੀ ਗਿਣਤੀ ਵਿੱਚ ਕਾਲ ਡਰਾਪ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਬਾਕੀ ਕੰਪਨੀਆਂ ਜੀਓ ਦੇ ਇਸ ਦੋਸ਼ ਨੂੰ ਖ਼ਾਰਜ ਕਰ ਰਹੀਆਂ ਹਨ। ਜੀਓ ਦੀ ਸੇਵਾਵਾਂ 5 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ ਜਿਸ ਵਿੱਚ ਸ਼ੁਰੂਆਤੀ ਆਫ਼ਰ ਤਹਿਤ 31 ਦਸੰਬਰ ਤੱਕ ਸਾਰਿਆਂ ਨੂੰ ਡਾਟਾ ਮੁਫ਼ਤ ਦਿੱਤਾ ਗਿਆ ਹੈ। ਕਾਲ ਵੀ ਗਾਹਕਾਂ ਨੂੰ ਮੁਫ਼ਤ ਦਿੱਤੀ ਗਈ ਹੈ।
ਦੂਜੀਆਂ ਕੰਪਨੀਆਂ ਜੀਓ ਦੀ ਇਸ ਗੱਲ ਦਾ ਵਿਰੋਧ ਕਰ ਰਹੀਆਂ ਹਨ। ਦੂਜੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਮੁਫ਼ਤ ਵਿੱਚ ਦਿੱਤੀ ਗਈ ਸੇਵਾਵਾਂ ਸਹੀ ਨਹੀਂ ਹਨ ਕਿਉਂਕਿ ਇਸ ਨਾਲ ਜੀਓ ਰਾਹੀਂ ਗੱਲ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਵੇਗੀ ਜਿਸ ਨਾਲ ਨੈੱਟਵਰਕ ਉੱਤੇ ਦਬਾਅ ਰਹੇਗਾ।