Ajmer Sharif Dargah : ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਦੇ ਗੇਟ 'ਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਦੇ ਮੁੱਖ ਦੋਸ਼ੀ ਗੌਹਰ ਚਿਸ਼ਤੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਂਚ ਅਧਿਕਾਰੀ ਨੇ ਗੌਹਰ ਚਿਸ਼ਤੀ ਖਿਲਾਫ਼ 'ਸਰ ਤਨ ਸੇ ਜੁਦਾ' ਦਾ ਨਾਅਰਾ ਲਗਾਉਣ ਦੇ ਦੋਸ਼ 'ਚ ਚਾਰਜਸ਼ੀਟ ਪੇਸ਼ ਕੀਤੀ। ਚਾਰਜਸ਼ੀਟ ਦੇ ਆਧਾਰ 'ਤੇ ਅਦਾਲਤ 'ਚ ਗੌਹਰ ਚਿਸ਼ਤੀ 'ਤੇ ਦੋਸ਼ ਆਇਦ ਕੀਤੇ ਗਏ ਸਨ। ਗੌਹਰ ਚਿਸ਼ਤੀ 'ਤੇ ਦਰਗਾਹ ਦੇ ਨਿਜ਼ਾਮ ਗੇਟ 'ਤੇ ਭੜਕਾਊ ਨਾਅਰੇਬਾਜ਼ੀ ਕਰਕੇ ਭੀੜ ਨੂੰ ਭੜਕਾਉਣ ਦਾ ਆਰੋਪ ਹੈ।

 




 

17 ਜੂਨ 2022 ਨੂੰ ਅਜਮੇਰ ਸ਼ਹਿਰ ਦੀ ਦਰਗਾਹ ਦੇ ਗੇਟ ਦੇ ਬਾਹਰ 'ਗੁਸਤਾਖ ਏ ਰਸੂਲ ਦੀ ਇੱਕ ਸਜ਼ਾ, ਸਰ ਤਨ ਸੇ ਜੁਦਾ' ਦੇ ਨਾਅਰੇ ਲਾਏ ਗਏ ਸੀ। ਇਸ ਨਾਅਰੇਬਾਜ਼ੀ ਦੇ ਕੁਝ ਦਿਨ ਬਾਅਦ ਦਰਜ਼ੀ ਕਨ੍ਹਈਲਾਲ ਦਾ ਉਦੈਪੁਰ ਵਿੱਚ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਕਾਤਲਾਂ ਨੇ ਇੱਕ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਹੀ ਨਾਅਰਾ ਦੁਹਰਾਇਆ ਗਿਆ ਸੀ।

 

ਅਦਾਲਤ ਵਿੱਚ ਪੜ੍ਹ ਕੇ ਸੁਣਾਏ ਗਏ ਦੋਸ਼  


ਇਸ ਮਾਮਲੇ ਵਿੱਚ ਦਰਗਾਹ ਦੇ ਖਾਦਿਮ ਗੌਹਰ ਚਿਸ਼ਤੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਪੁਲੀਸ ਨੇ ਮੁਲਜ਼ਮ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਜਾਂਚ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਚਾਰਜਸ਼ੀਟ ਪੇਸ਼ ਕੀਤੀ ਸੀ, ਜਿਸ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਪੂਰੀ ਹੋ ਗਈ। ਅਦਾਲਤ ਦੇ ਹੁਕਮਾਂ 'ਤੇ ਗੌਹਰ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਮੌਜੂਦਗੀ 'ਚ ਉਸ 'ਤੇ ਦੋਸ਼ ਸੁਣਾਏ ਗਏ।

 

 ਇਹ ਵੀ ਪੜ੍ਹੋ : ਗੈਂਗਸਟਰ ਹੈਰੀ ਚੱਠਾ ਤੇ ਲਾਟ ਜੋਲ ਦੇ ਕਹਿਣ ’ਤੇ ਔਰਤ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ, ਮੁਲਜ਼ਮ ਨੇ ਖੋਲ੍ਹੇ ਰਾਜ਼

ਇਸ ਮਾਮਲੇ 'ਚ ਗੌਹਰ ਚਿਸ਼ਤੀ ਤੋਂ ਇਲਾਵਾ 4 ਹੋਰ ਦੋਸ਼ੀਆਂ ਖਾਦਿਮ ਫਖਰ ਜਮਾਲੀ, ਤਾਜਿਮ ਸਿੱਦੀਕੀ, ਮੋਇਨ ਅਤੇ ਰਿਆਜ਼ ਹਸਨ 'ਤੇ ਵੀ ਦੋਸ਼ ਆਇਦ ਕੀਤੇ ਗਏ ਹਨ। ਗੌਹਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਉਸ ਵਿਰੁੱਧ ਧਾਰਾ 302/115 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਭੀੜ 'ਤੇ ਕਤਲ ਲਈ ਉਕਸਾਉਣ ਦਾ ਦੋਸ਼ ਹੈ।

ਕੀ ਸੀ ਮਾਮਲਾ?


ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ 'ਤੇ ਕੀਤੀ ਗਈ ਵਿਵਾਦਤ ਟਿੱਪਣੀ ਦੇ ਵਿਰੋਧ 'ਚ ਅਜਮੇਰ ਸ਼ਰੀਫ ਨੇੜੇ ਜਲੂਸ ਕੱਢਿਆ ਗਿਆ। ਮੌਨ ਜਲੂਸ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਗਈ ਸੀ ਪਰ ਅਜਮੇਰ ਸ਼ਰੀਫ ਦਰਗਾਹ ਦੇ ਨਿਜ਼ਾਮ ਗੇਟ 'ਤੇ ਲਾਊਡ ਸਪੀਕਰ ਲਗਾਏ ਗਏ ਸਨ, ਜਿਸ 'ਤੇ ਖਾਦਿਮਾਂ ਨੇ ਭੜਕਾਊ ਭਾਸ਼ਣ ਦਿੱਤੇ ਸਨ। ਪੁਲਿਸ ਰਿਪੋਰਟ ਮੁਤਾਬਕ ਇਸ ਦੌਰਾਨ ਕਰੀਬ 5 ਹਜ਼ਾਰ ਲੋਕਾਂ ਦੀ ਭੀੜ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਰਿਪੋਰਟ ਦਰਜ ਕਰਦਿਆਂ ਗੌਹਰ ਚਿਸ਼ਤੀ ਨੂੰ ਮੁੱਖ ਮੁਲਜ਼ਮ ਬਣਾਇਆ ਸੀ। ਬਾਅਦ ਵਿਚ ਉਸ ਨੂੰ ਹੈਦਰਾਬਾਦ ਤੋਂ ਫੜਿਆ ਗਿਆ।