ਨਵੀਂ ਦਿੱਲੀ: ਦੇਸ਼ ਦੇ ਖਜ਼ਾਨੇ ਦੀ ਨਜ਼ਰ ਰੱਖਣ ਵਾਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਭ ਤੋਂ ਘੱਟ ਜਾਇਦਾਦ ਵਾਲੇ ਕੈਬਨਿਟ ਮੰਤਰੀਆਂ ਵਿੱਚ ਸ਼ਾਮਲ ਹੈ। ਸਾਬਕਾ ਭਾਜਪਾ ਪ੍ਰਧਾਨ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੋਲ ਛੇ ਵਾਹਨ ਹਨ, ਜਦਕਿ ਪਿਯੂਸ਼ ਗੋਇਲ ਸਭ ਤੋਂ ਅਮੀਰ ਮੰਤਰੀਆਂ ਵਿੱਚ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਕੈਬਨਿਟ ਮੰਤਰੀਆਂ ਨੇ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.85 ਕਰੋੜ ਰੁਪਏ ਦੀ ਚੱਲ ਤੇ ਅਚੱਲ ਸੰਪਤੀ ਹੈ। ਪਿਛਲੇ ਸਾਲ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਕੋਲ 2.49 ਕਰੋੜ ਰੁਪਏ ਦੀ ਜਾਇਦਾਦ ਸੀ। ਹੁਣ, 30 ਜੂਨ, 2020 ਤੱਕ ਮੋਦੀ ਦੀ ਦੌਲਤ ਵਿੱਚ 36 ਲੱਖ ਰੁਪਏ ਦਾ ਵਾਧਾ ਹੋਇਆ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ। ਦਰਅਸਲ, ਹੁਣ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਾਰੇ ਮੰਤਰੀ ਮੰਡਲ ਲਈ ਜਾਇਦਾਦ ਬਾਰੇ ਦੱਸਣਾ ਲਾਜ਼ਮੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਦੌਲਤ ਬੈਂਕ, ਡਾਕਘਰ ਤੇ ਕੁਝ ਹੋਰ ਸੁਰੱਖਿਅਤ ਥਾਵਾਂ 'ਤੇ ਨਿਵੇਸ਼ ਨਾਲ ਵਧੀ ਹੈ। ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਟਰਮ ਡਿਪਾਜ਼ਿਟ ਤੇ ਸੇਵਿੰਗ ਖਾਤਿਆਂ ਵਿੱਚ ਜਮ੍ਹਾ ਹੈ। ਉਨ੍ਹਾਂ ਨੂੰ ਬੈਂਕਾਂ ਵਿੱਚ ਜਮ੍ਹਾ ਰਾਸ਼ੀ ਤੋਂ 3.3 ਲੱਖ ਰਿਟਰਨ ਮਿਲਦਾ ਹੈ।

ਵਿੱਤ ਮੰਤਰੀ ਕੋਲ ਕਿੰਨੀ ਜਾਇਦਾਦ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੋ ਦੇਸ਼ ਦੇ ਖਜ਼ਾਨੇ ਦਾ ਧਿਆਨ ਰੱਖਦੀ ਹੈ, ਕੋਲ ਕੈਬਨਿਟ ਦੇ ਬਾਕੀ ਮੰਤਰੀਆਂ ਦੇ ਮੁਕਾਬਲੇ ਬਹੁਤ ਘੱਟ ਜਾਇਦਾਦ ਹੈ। ਉਨ੍ਹਾਂ ਕੋਲ ਕਰੀਬ 1.34 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ ਆਪਣੇ ਪਤੀ ਨਾਲ ਸਾਂਝੇ ਹਿੱਸੇਦਾਰੀ ਵਜੋਂ 99.36 ਲੱਖ ਰੁਪਏ ਦਾ ਮਕਾਨ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਰੀਬ 16.02 ਲੱਖ ਰੁਪਏ ਦੀ ਗੈਰ-ਖੇਤੀ ਵਾਲੀ ਜ਼ਮੀਨ ਵੀ ਹੈ।

ਵਿੱਤ ਮੰਤਰੀ ਕੋਲ ਆਪਣੇ ਨਾਂ 'ਤੇ ਕਾਰ ਨਹੀਂ। ਉਨ੍ਹਾਂ ਕੋਲ ਬਜਾਜ ਚੇਤਕ ਬ੍ਰਾਂਡ ਦਾ ਪੁਰਾਣਾ ਸਕੂਟਰ ਹੈ, ਜਿਸ ਦੀ ਕੀਮਤ ਲਗਪਗ 28,200 ਰੁਪਏ ਹੈ। ਉਨ੍ਹਾਂ ਦੀ ਕੁੱਲ ਚੱਲ ਸੰਪਤੀ 18.4 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਕੋਲ ਇੱਕ ਜ਼ਿੰਮੇਵਾਰੀ ਵਜੋਂ 19 ਸਾਲ ਤੱਕ ਦਾ ਕਰਜ਼ਾ, ਇੱਕ ਸਾਲ ਦਾ ਓਵਰਡ੍ਰਾਫਟ ਤੇ 10 ਸਾਲਾਂ ਦਾ ਮੋਰਟਗੇਜ ਲੋਨ ਹੈ।

ਨਿਤਿਨ ਗਡਕਰੀ ਕੋਲ ਛੇ ਗੱਡੀਆਂ: ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੋਲ ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਪਰਿਵਾਰ (ਹਿੰਦੂ ਅਣਵੰਡੇ ਪਰਿਵਾਰ-ਐਚਯੂਐਫ) ਦੀ ਮਿਲਾ ਕੇ 2.97 ਕਰੋੜ ਰੁਪਏ ਦੀ ਚੱਲ ਸੰਪਤੀ ਹੈ। ਇਸ ਪਰਿਵਾਰ ਦੀ ਕੁੱਲ 15.98 ਕਰੋੜ ਰੁਪਏ ਦੀ ਸੰਪਤੀ ਹੈ। ਨਿਤਿਨ ਗਡਕਰੀ ਕੋਲ ਕੁੱਲ 6 ਗੱਡੀਆਂ ਹਨ।

ਪੀਯੂਸ਼ ਗੋਇਲ ਕੋਲ 27 ਕਰੋੜ ਤੋਂ ਵੱਧ ਦੀ ਜਾਇਦਾਦ: ਵਣਜ ਤੇ ਉਦਯੋਗ ਤੇ ਰੇਲ ਮੰਤਰੀ ਪੀਯੂਸ਼ ਗੋਇਲ ਦੀ ਚੱਲ ਤੇ ਅਚੱਲ ਜਾਇਦਾਦ 27.47 ਕਰੋੜ ਰੁਪਏ ਹੈ। ਹਾਲਾਂਕਿ, ਉਨ੍ਹਾਂ ਤੋਂ ਜ਼ਿਆਦਾ ਅਮੀਰ ਉਨ੍ਹਾਂ ਦੀ ਪਤਨੀ ਸੀਮਾ ਗੋਇਲ ਹਨ, ਜਿਨ੍ਹਾਂ ਦੀ ਕੁਲ ਸੰਪਤੀ ਲਗਪਗ 50.34 ਕਰੋੜ ਰੁਪਏ ਹੈ। ਉਨ੍ਹਾਂ ਦੇ ਹਿੰਦੂ ਅਣਵੰਡੇ ਪਰਿਵਾਰ (ਐਚਯੂਐਫ) ਦੀ ਜਾਇਦਾਦ 45.65 ਲੱਖ ਰੁਪਏ ਹੈ। ਇਸ ਤਰ੍ਹਾਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਕੋਲ ਮਿਲਾ ਕੇ 78.27 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਪ੍ਰਧਾਨ ਮੰਤਰੀ ਮੋਦੀ ਮੰਤਰੀ ਮੰਡਲ ਵਿੱਚ ਸਭ ਤੋਂ ਅਮੀਰ ਮੰਤਰੀ ਹਨ।


ਰਵੀ ਸ਼ੰਕਰ ਪ੍ਰਸਾਦ ਨੇ ਕੀਤਾ 16.5 ਕਰੋੜ ਦਾ ਨਿਵੇਸ਼: ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਕੋਲ ਅਚੱਲ ਜਾਇਦਾਦ ਵਜੋਂ 3.79 ਕਰੋੜ ਰੁਪਏ ਦੀਆਂ ਤਿੰਨ ਜਾਇਦਾਦਾਂ ਹਨ। ਉਨ੍ਹਾਂ ਵਿੱਚੋਂ ਇੱਕ ਉਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਹੈ ਤੇ ਦੋ ਉਸ ਨੇ ਆਪਣੀ ਕਮਾਈ ਨਾਲ ਖਰੀਦੀਆਂ ਹਨ। ਉਨ੍ਹਾਂ ਨੇ ਲਗਪਗ 16.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਸਮ੍ਰਿਤੀ ਇਰਾਨੀ ਨੇ ਵੀ ਕੀਤਾ ਚੰਗਾ ਨਿਵੇਸ਼: ਕੱਪੜਾ, ਔਰਤ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਜੁਬਿਨ ਇਰਾਨੀ ਨੇ ਕੁੱਲ ਚੱਲ ਤੇ ਅਚੱਲ ਜਾਇਦਾਦ 4.64 ਕਰੋੜ ਦੱਸੀ ਹੈ। ਉਨ੍ਹਾਂ ਨੇ ਲਗਪਗ 1.77 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904